ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਕੋਲ ਦਾਇਰ ਪਟੀਸ਼ਨ ਵਿੱਚ ਪਾਰਟੀ ਨਾਲ ਸਬੰਧਤ ਸੱਤ ਸੰਸਦ ਮੈਂਬਰਾਂ, ਜੋ ਪਿਛਲੇ ਦਿਨੀਂ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ, ਨੂੰ ਉਪਰਲੇ ਸਦਨ ਤੋਂ ਅਯੋਗ ਠਹਿਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਪੰਜਾਬ ਵਿੱਚ ‘ਆਪ’ ਵਿਧਾਇਕਾਂ ਦੇ ਭਾਜਪਾ ਦੇ ਸੰਪਰਕ ਵਿੱਚ ਹੋਣ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ।
ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੰਜੈ ਸਿੰਘ ਨੇ ਕਿਹਾ ਕਿ ਲੋੜ ਪੈਣ ’ਤੇ ਪਾਰਟੀ ਕਾਨੂੰਨੀ ਰਾਹ ਅਖ਼ਤਿਆਰ ਕਰੇਗੀ। ਉਨ੍ਹਾਂ ਬਾਗ਼ੀ ਰਾਜ ਸਭਾ ਮੈਂਬਰਾਂ ਦੀ ਪੇਸ਼ਕਦਮੀ ਨੂੰ ਦਲ ਬਦਲੀ ਵਿਰੋਧੀ ਕਾਨੂੰਨ ਦੀ ਉਲੰਘਣਾ ਦੱਸਿਆ। ‘ਆਪ’ ਨੇ ਰਾਜ ਸਭਾ ਚੇਅਰਮੈਨ ਨੂੰ ਅਪੀਲ ਕੀਤੀ ਕਿ ਸੱਤ ਐੱਮ ਪੀ’ਜ਼ ਦੀ ਮੈਂਬਰਸ਼ਿਪ ਖਾਰਜ ਕੀਤੀ ਜਾਵੇ ਕਿਉਂਕਿ ਇਨ੍ਹਾਂ ਦੀ ਉਪਰਲੇ ਸਦਨ ਲਈ ਚੋਣ ‘ਆਪ’ ਦੀ ਟਿਕਟ ਉੱਤੇ ਹੋਈ ਸੀ, ਪਰ ਮਗਰੋਂ ਉਨ੍ਹਾਂ ਨੇ ਪਾਰਟੀ ਛੱਡ ਕੇ ਭਾਜਪਾ ’ਚ ਰਲੇਵੇਂ ਦਾ ਫੈਸਲਾ ਕੀਤਾ ਹੈ। ਆਮ ਆਦਮੀ ਪਾਰਟੀ ਨੂੰ ਸ਼ੁੱਕਰਵਾਰ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਇਸ ਦੇ ਸੱਤ ਰਾਜ ਸਭਾ ਮੈਂਬਰ ਰਾਘਵ ਚੱਢਾ, ਅਸ਼ੋਕ ਮਿੱਤਲ, ਸੰਦੀਪ ਪਾਠਕ, ਹਰਭਜਨ ਸਿੰਘ, ਰਾਜੇਂਦਰ ਗੁਪਤਾ, ਵਿਕਰਮ ਸਾਹਨੀ ਤੇ ਸਵਾਤੀ ਮਾਲੀਵਾਲ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ। ਇਨ੍ਹਾਂ ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਆਪਣੇ ਸਿਧਾਂਤਾਂ, ਕਦਰਾਂ ਕੀਮਤਾਂ ਤੇ ਮੂਲ ਨੈਤਿਕਤਾ ਤੋਂ ਥਿੜਕ ਗਈ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸੁਪਰੀਮ ਕੋਰਟ ਨੇ ਉੱਤਰਾਖੰਡ ਤੇ ਅਰੁਣਾਚਲ ਪ੍ਰਦੇਸ਼ ਸਣੇ ਆਪਣੇ ਕਈ ਫੈਸਲਿਆਂ ਵਿੱਚ ਸਪਸ਼ਟ ਕੀਤਾ ਹੈ ਕਿ ਅਜਿਹੀਆਂ ਦਲ ਬਦਲੀਆਂ ਕਰ ਕੇ ਅਯੋਗ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਸੰਵਿਧਾਨ ਦੀ 10ਵੀਂ ਸੂਚੀ ਦੇ ਹਵਾਲੇ ਨਾਲ ਕਿਹਾ ਕਿ ‘ਇਹ ਸਪਸ਼ਟ ਰੂਪ ਵਿੱਚ ਅਜਿਹੀ ਸਿਆਸੀ ਦਲ ਬਦਲੀ ਦੀ ਇਜਾਜ਼ਤ ਨਹੀਂ ਦਿੰਦਾ।’ ਇਨ੍ਹਾਂ ਮੈਂਬਰਾਂ ਨੂੰ ਪਾਰਟੀ ਨੇ ਨਿਯੁਕਤ ਕੀਤਾ ਸੀ ਪਰ ਮਗਰੋਂ ਉਨ੍ਹਾਂ ਪਾਰਟੀ ਛੱਡਣ ਤੇ ਕਿਸੇ ਹੋਰ ਪਾਰਟੀ ’ਚ ਰਲੇਵੇੇਂ ਦਾ ਫੈਸਲਾ ਕੀਤਾ। ਇਹ ਪੰਜਾਬ ਦੇ ਲੋਕਾਂ ਅਤੇ ਭਾਰਤ ਦੇ ਸੰਵਿਧਾਨ ਨਾਲ ਵਿਸ਼ਵਾਸਘਾਤ ਹੈ।
ਉਨ੍ਹਾਂ ਇਹ ਕਿਆਸ ਸਿਰੇ ਤੋਂ ਖਾਰਜ ਕਰ ਦਿੱਤੇ ਕਿ ਪੰਜਾਬ ਵਿੱਚ ‘ਆਪ’ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਹਨ। ਉਨ੍ਹਾਂ ਅਜਿਹੀਆਂ ਰਿਪੋਰਟਾਂ ਨੂੰ ਭਾਜਪਾ ਤੇ ‘ਬਾਗ਼ੀ’ ਸੰਸਦ ਮੈਂਬਰਾਂ ਵੱਲੋਂ ਫੈਲਾਇਆ ਜਾ ਰਿਹਾ ‘ਕੂੜ ਪ੍ਰਚਾਰ’ ਦੱਸਿਆ। ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ’ਚ ਬਾਗ਼ੀ ਸੰਸਦ ਮੈਂਬਰਾਂ ਖਿਲਾਫ਼ ਗੁੱਸਾ ਹੈ। ‘ਸ਼ੀਸ਼ ਮਹਿਲ’ ਵਿਵਾਦ ਬਾਰੇ ਦੋਸ਼ਾਂ ਦੇ ਜਵਾਬ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਦੇ ਮੰਤਰੀ ਪਰਵੇਸ਼ ਸਾਹਿਬ ਸਿੰਘ ਵੱਲੋਂ ਸਰਕੁਲੇਟ ਕੀਤੀਆਂ ਤਸਵੀਰਾਂ ਜਾਅਲੀ ਹਨ ਤੇ ਇਨ੍ਹਾਂ ਤੋਂ ਪਹਿਲਾਂ ਹੀ ਪਰਦਾ ਉੱਠ ਚੁੱਕਾ ਹੈ। ਚੇਤੇ ਰਹੇ ਕਿ ਭਾਜਪਾ ਨੇ ਸ਼ਨਿੱਚਰਵਾਰ ਨੂੰ ਦਾਅਵਾ ਕੀਤਾ ਸੀ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੋਧੀ ਅਸਟੇਟ ਵਿੱਚ ਨਵਾਂ ਬੰਗਲਾ ਅਲਾਟ ਹੋਇਆ ਹੈ। ਭਾਜਪਾ ਨੇ ਇਸ ਨੂੰ ‘ਸ਼ੀਸ਼ ਮਹਿਲ 2’ ਦਾ ਨਾਂ ਦਿੱਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ‘ਝੂਠੀਆਂ ਤਸਵੀਰਾਂ’ ਦਿਖਾਉਣ ਵਾਲੇ ਚੈਨਲਾਂ ਖਿਲਾਫ਼ ਮਾਣਹਾਨੀ ਤਹਿਤ ਕੇਸ ਦਰਜ ਕਰਵਾਏਗੀ। -ਪੀਟੀਆਈ
ਪੰਜਾਬ ਸਰਕਾਰ ਨੇ ਹਰਭਜਨ ਸਿੰਘ ਤੋਂ ਸੁਰੱਖਿਆ ਵਾਪਸ ਲਈ
ਜਲੰਧਰ (ਹਤਿੰਦਰ ਮਹਿਤਾ): ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸਾਬਕਾ ਕ੍ਰਿਕਟਰ ਤੇ ਬਾਗ਼ੀ ਸੰਸਦ ਮੈਂਂਬਰ ਹਰਭਜਨ ਸਿੰਘ ਭੱਜੀ ਨੂੰ ਦਿੱਤੀ ਵਾਈ ਸ਼੍ਰੇਣੀ ਦੀ ਸੁਰੱਖਿਆ ਵਾਪਸ ਲੈ ਲਈ ਹੈ। ਭੱਜੀ ਦੇ ਘਰ ਦੇ ਬਾਹਰ ਤਾਇਨਾਤ ਪੰਜਾਬ ਪੁਲੀਸ ਦੇ ਜਵਾਨਾਂ ਨੂੰ ਫੌਰੀ ਵਾਪਸ ਬੁਲਾ ਲਿਆ ਗਿਆ ਹੈ।
ਹਾਲਾਂਕਿ ਇਸ ਪੇਸ਼ਕਦਮੀ ਤੋਂ ਥੋੜ੍ਹੀ ਦੇਰ ਬਾਅਦ ਹੀ ਕੇਂਦਰ ਸਰਕਾਰ ਨੇ ਸਾਬਕਾ ਕ੍ਰਿਕਟਰ ਨੂੰ ਸੀ ਆਰ ਪੀ ਐੱਫ ਸੁਰੱਖਿਆ ਪ੍ਰਦਾਨ ਕਰ ਦਿੱਤੀ। ਭੱਜੀ ਨੇ ਭਾਵੇਂ ਅਜੇ ਤੱਕ ‘ਆਪ’ ਛੱਡਣ ਜਾਂ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ, ਪਰ ਬਾਗ਼ੀ ਰਾਜ ਸਭਾ ਮੈਂਬਰਾਂ ਦੀ ਅਗਵਾਈ ਕਰ ਰਹੇ ਰਾਘਵ ਚੱਢਾ ਨੇ ਦਾਅਵਾ ਕੀਤਾ ਹੈ ਕਿ ਉਹ ਵੀ ਉਨ੍ਹਾਂ ਦੇ ਨਾਲ ਹੈ। ਭੱਜੀ ਤੋਂ ਪਹਿਲਾਂ ‘ਆਪ’ ਸਰਕਾਰ ਰਾਘਵ ਚੱਢਾ ਦੀ ਜ਼ੈੱਡ+ ਸੁਰੱਖਿਆ ਰੱਦ ਕਰ ਚੁੱਕੀ ਹੈ। ਹਾਲਾਂਕਿ ਚੱਢਾ ਕੋਲ ਵੀ ਇਸ ਵੇਲੇ ਕੇਂਦਰ ਸਰਕਾਰ ਵੱਲੋਂ ਮੁਹੱਈਆ ਕੀਤਾ ਸੁਰੱਖਿਆ ਘੇਰਾ ਹੈ।
