ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਇਕ ਵਾਰ ਮੁਡ਼ ਵਿਵਾਦਾਂ ’ਚ ਫਸਦੇ ਨਜ਼ਰ ਆ ਰਹੇ ਹਨ। 26 ਜਨਵਰੀ 2021 ਨੂੰ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਟ੍ਰੈਕਟਰ ਮਾਰਚ (Tractor March) ਦੌਰਾਨ ਲਾਲ ਕਿਲ੍ਹੇ (Red Fort) ’ਤੇ ਕੇਸਰੀ ਝੰਡਾ ਝੁਲਾਏ ਜਾਣ ਵੇਲੇ ਦੀਪ ਸਿੱਧੂ (Deep Sidhu) ਨਾਲ ਉਨ੍ਹਾਂ ਦਾ ਵੀਡੀਓ ਵਾਇਰਲ ਹੋਇਆ ਹੈ।
ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਇਸ ਵੀਡੀਓ ਨੂੰ ਟਵੀਟ ਕੀਤਾ ਹੈ ਜਿਸ ਵਿਚ ਲਾਲਜੀਤ ਸਿੰਘ ਭੁੱਲਰ ਅੰਦੋਲਨ ’ਚ ਸ਼ਾਮਲ ਦੀਪ ਸਿੱਧੂ ਨਾਲ ਖਡ਼੍ਹੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਚੋਣਾਂ ਦੌਰਾਨ ਤੇਜ਼ ਰਫ਼ਤਾਰ ਕਾਰ ਦੀ ਛੱਤ ’ਤੇ ਬੈਠ ਕੇ ਜਾਂਦਿਆਂ ਦੀ ਭੁੱਲਰ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਕਾਰਨ ਉਹ ਕਾਫ਼ੀ ਚਰਚਾ ’ਚ ਰਹੇ ਸਨ।
ਖਹਿਰਾ ਨੇ ਟਵੀਟ ਕਰਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕੀਤਾ ਹੈ ਕਿ ਕੀ ਇਹ ਰਾਸ਼ਟਰ ਵਿਰੋਧੀ ਕਾਰਵਾਈ ਨਹੀਂ ਤੇ ਜੇ ਹੈ ਤਾਂ ਫਿਰ ਉਹ (ਲਾਲਜੀਤ ਸਿੰਘ ਭੁੱਲਰ) ਮੰਤਰੀ ਮੰਡਲ ’ਚ ਕਿਉਂ ਹਨ? ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ 26 ਜਨਵਰੀ ਨੂੰ ਜਦੋਂ ਦੀਪ ਸਿੱਧੂ ਦੀ ਅਗਵਾਈ ’ਚ ਹੰਗਾਮਾਕਾਰੀਆਂ ਨੇ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਝੁਲਾਇਆ ਉਸ ਦੌਰਾਨ ਲਾਲਜੀਤ ਭੁੱਲਰ ਵੀ ਦੀਪ ਸਿੱਧੂ ਨਾਲ ਉੱਤੇ ਮੌਜੂਦ ਸਨ। ਇਸ ਘਟਨਾ ਦੀ ਪੂਰੇ ਦੇਸ਼ ’ਚ ਸਖ਼ਤ ਨਿੰਦਿਆ ਹੋਈ ਸੀ।
ਲਾਲਜੀਤ ਸਿੰਘ ਭੁੱਲਰ ਦੇ ਮੌਕੇ ’ਤੇ ਹੋਣ ਨਾਲ ਹੁਣ ਇਹ ਮਾਮਲਾ ਸਿਆਸੀ ਰੂਪ ’ਚ ਭਡ਼ਕ ਸਕਦਾ ਹੈ ਜਿਸ ਨਾਲ ਨਾ ਸਿਰਫ਼ ਪੰਜਾਬ ਸਰਕਾਰ ਬਲਕਿ ਆਮ ਆਦਮੀ ਪਾਰਟੀ ਦੀ ਵੀ ਪਰੇਸ਼ਾਨੀ ਵੱਧ ਸਕਦੀ ਹੈ। ਆਪ ਸਰਕਾਰ ਪਹਿਲਾਂ ਹੀ ਆਪਣੇ ਮੰਤਰੀਆਂ ਤੇ ਵਿਧਾਇਕਾਂ ਕਾਰਨ ਪਰੇਸ਼ਾਨੀ ’ਚ ਚੱਲ ਰਹੀ ਹੈ।
ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਡੀਸੀ ਦਫ਼ਤਰ ’ਚ ਮਹਿਲਾ ਸੁਪਰਡੈਂਟ ਨਾਲ ਦੁਰਵਿਹਾਰ ਕੀਤਾ ਗਿਆ ਤੇ ਬਾਅਦ ’ਚ ਉਨ੍ਹਾਂ ਨੂੰ ਮਾਫ਼ੀ ਮੰਗਣੀ ਪਈ। ਇਸ ਘਟਨਾ ਤੋਂ ਤੁਰੰਤ ਬਾਅਦ ਸਿਹਤ ਮੰਤਰੀ ਚੇਤਨ ਸਿੰਘ ਜੌਡ਼ਾਮਾਜਰਾ ਨੇ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਡਾ. ਰਾਜ ਬਹਾਦੁਰ ਨਾਲ ਬਦਸਲੂਕੀ ਕੀਤੀ ਜਿਸ ਦੀ ਵੱਡੇ ਪੱਧਰ ’ਤੇ ਨਿੰਦਾ ਹੋਈ। ਇਹੀ ਨਹੀਂ ਇਸ ਘਟਨਾ ਪਿੱਛੋਂ ਡਾ. ਰਾਜ ਬਹਾਦੁਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸਰਕਾਰ ਨੇ ਅਜੇ ਤਕ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ। ਉਧਰ ਐਤਵਾਰ ਨੂੰ ਦਸੂਹਾ ਦੇ ਆਪ ਵਿਧਾਇਕ ਕਰਮਵੀਰ ਘੁੰਮਣ ਵਿਵਾਦਾਂ ’ਚ ਘਿਰ ਗਏ। ਘੁੰਮਣ ਨੂੰ ਇਹ ਗੱਲ ਪਸੰਦ ਨਹੀਂ ਆਈ ਕਿ ਚੌਲਾਂਗ ਟੋਲ ਪਲਾਜ਼ੇ ’ਤੇ ਉਨ੍ਹਾਂ ਦੇ ਕਾਫ਼ਲੇ ਨੂੰ ਕਲੀਅਰ ਰੂਟ ਕਿਉਂ ਨਹੀਂ ਮਿਲਿਆ। ਵਿਧਾਇਕ ਦੇ ਸੁਰੱਖਿਆ ਮੁਲਾਜ਼ਮਾਂ ਨੇ ਟੋਲ ਪਲਾਜ਼ੇ ’ਤੇ ਦਬੰਗਪੁਣਾ ਦਿਖਾਉਂਦਿਆਂ ਬੈਰੀਕੇਡ ਨੂੰ ਤੋਡ਼ ਕੇ ਆਪਣੀਆਂ ਗੱਡੀਆਂ ਕੱਢੀਆਂ। ਉੱਥੇ ਲੱਗਾ ਬੂਮ ਬੈਰੀਅਰ ਵੀ ਤੋਡ਼ ਦਿੱਤਾ।
