ਬਠਿੰਡਾ,27 ਜੂਨ2021: ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਵਿੱਤ ਮੰਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਖਿਲਾਫ ਨਜਾਇਜ ਮਾਈਨਿੰਗ ਕਰਨ ਵਾਲਿਆਂ ਦੀ ਪੁਸ਼ਪਨਾਹੀਂ ਸਬੰਧੀ ਲਾਏ ਦੋਸ਼ਾਂ ਅਤੇ ਸਿੰਗਲਾ ਤੇ ਹਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜਾਂਚ ਦੀ ਮੰਗ ਕੀਤੀ ਹੈ । ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਏ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਸਦੇ ਰਿਸ਼ਤੇਦਾਰ ਦੀ ਪੁਸ਼ਤਪਨਾਹੀ ਹੇਠ ਰੇਤ ਮਾਫ਼ੀਆ ਦਾ ਕਾਰੋਬਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਵੱਲੋਂ ਖੁਲਾਸਾ ਕਰਨ ਤੇ ਹਮਲਾ ਕਰਨਾ ਨਿੰਦਣਯੋਗ ਕਾਰਵਾਈ ਹੈ ਜੋ ਬਰਦਾਸ਼ਤ ਯੋਗ ਨਹੀਂ। ਉਨ੍ਹਾਂ ਆਖਿਆ ਕਿ ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਰਵਾਈ ਕਰਦੇ ਹਨ ਕਿ ਨਹੀਂ।
ਦੱਸਣਯੋਗ ਹੈ ਕਿ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਬਠਿੰਡਾ ’ਚ ਕੀਤੇ ਜਾ ਰਹੇ ਕਥਿਤ ਘਪਲਿਆਂ ਦੀ ਜਾਂਚ ਨਾਂ ਕਰਵਾਉਣ ਅਤੇ ਉਨ੍ਹਾਂ ਤੇ ਕੀਤੇ ਹਮਲੇ ਸਬੰਧੀ ਪੁਲਿਸ ਕੇਸ ਦਰਜ ਨਾਂ ਕਰਨ ਦੀ ਸੂਰਤ ’ਚ ਮੁੱਖ ਮੰਤਰੀ ਨਿਵਾਸ ਅੱਗੇ ਅਰਧ ਨਗਨ ਹੋ ਕੇ ਧਰਨੇ ਦੀ ਧਮਕੀ ਦਿੱਤੀ ਹੈ। ਸਿੰਗਲਾ ਨੇ ਅੱਜ ਟਾਈਲਾਂ ਲਾਉਣ ਲਈ ਵਰਤੇ ਜਾ ਰਹੇ ਮਟੀਰੀਅਲ ’ਚ ਮਿੱਟੀ ਦੀ ਮਿਲਾਵਟ ਅਤੇ ਮਿੱਟੀ ਸਪਲਾਈ ਵਾਲੀ ਜਗ੍ਹਾ ਦਾ ਪਰਦਾਫਾਸ਼ ਕਰਦਿਆਂ ਦੋ ਵੀਡੀਓ ਜਾਰੀ ਕੀਤੀਆਂ ਸਨ। ਉਨ੍ਹਾਂ ਇਸ ਤੋਂ ਬੁਖਲਾਹਟ ਵਿੱਚ ਆਏ ਜੇ ਸੀ ਬੀ ਚਾਲਕ ਵੱਲੋਂ ਉਨ੍ਹਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਲਈ ਉਨ੍ਹਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਸਦੇ ਰਿਸ਼ਤੇਦਾਰ ਦੀਆਂ ਕਥਿਤ ਹਦਾਇਤਾਂ ਨੂੰ ਜਿੰਮਵਾਰ ਕਰਾਰ ਦਿੱਤਾ ਹੈ । ਸਾਬਕਾ ਵਿਧਾਇਕ ਵੱਲੋਂ ਅੱਜ ਇਸ ਸਬੰਧੀ ਇੱਕ ਵੀਡੀਓ ਵੀ ਸਾਹਮਣੇ ਲਿਆਂਦੀ ਹੈ।
ਸਾਬਕਾ ਵਿਧਾਇਕ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵਿੱਤ ਮੰਤਰੀ ਅਤੇ ਉਸਦੇ ਰਿਸ਼ਤੇਦਾਰ ਵੱਲੋਂ ਕੀਤੇ ਜਾ ਰਹੇ ਕਥਿਤ ਘਪਲਿਆਂ ਦੀ ਉੱਚ ਪੱਧਰੀ ਜਾਂਚ , ਉਨ੍ਹਾਂ ’ਤੇ ਹਮਲਾ ਕਰਨ ਵਾਲੇ ਜੇਸੀਬੀ ਚਾਲਕ ਅਤੇ ਹਮਲਾ ਕਰਵਾਉਣ ਵਾਲੇ ਚਿਹਰੇ ਦਾ ਪਰਦਾਫਾਸ਼ ਕਰਕੇ ਪੁਲਿਸ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਤਾਂ ਉਹ ਮੁੱਖ ਮੰਤਰੀ ਦੇ ਨਿਵਾਸ ਅੱਗੇ ਅਰਧ ਨਗਨ ਹੋ ਕੇ ਧਰਨਾ ਦੇਣ ਲਈ ਮਜਬੂਰ ਹੋਣਗੇ। ਸ੍ਰੀ ਸਿੰਗਲਾ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਅਤੇ ਉਸ ਦਾ ਰਿਸ਼ਤੇਦਾਰ ਵਿਕਾਸ ਦੇ ਨਾਂ ਤੇ ਸ਼ਹਿਰ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਹਨ ਇਸ ਲਈ ਹਮਲਾਾਵਰਾਂ ਅਤੇ ਉਨ੍ਹਾਂ ਦੀ ਪਿੱਠ ਥਾਪੜਨ ਵਾਲਿਆਂ ਤੋਂ ਇਲਾਵਾ ਵਿੱਤ ਮੰਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਖਿਲਾਫ ਕਾਰਵਾਈ ਜਰੂਰੀ ਹੈ।

