ਰੂਸ ਅਤੇ ਯੂਕਰੇਨ ਦੇ ਵਾਰਤਾਕਾਰਾਂ ‘ਚ ਸੋਮਵਾਰ ਨੂੰ ਨਵੇਂ ਦੌਰ ਦੀ ਗੱਲਬਾਤ ਸ਼ੁਰੂ ਹੋਈ। ਉਧਰ ਰੂਸੀ ਸੈਨਿਕ ਬਲਾਂ ਨੇ ਯੂਕਰੇਨ ਦੀ ਰਾਜਧਾਨੀ ‘ਤੇ ਕਬਜ਼ਾ ਕਰਨ ਲਈ ਕੀਵ ਦੇ ਉਪਨਗਰਾਂ ‘ਤੇ ਤੋਪਖਾਨੇ ਨਾਲ ਗੋਲੇ ਦਾਗਣੇ ਅਤੇ ਲੜਾਈ ਜਾਰੀ ਰੱਖੀ। ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਮਾਈਖਾਇਲੋ ਪੋਡੋਲਿਆਕ ਨੇ ਕਿਹਾ ਕਿ ਰੂਸ ਨਾਲ ਸ਼ਾਂਤੀ ਲਈ ਗੱਲਬਾਤ ਅੱਜ ਦੇ ਦਿਨ ਲਈ ਸਮਾਪਤ ਹੋ ਗਈ ਹੈ ਤੇ ਗੱਲਬਾਤ ਕੱਲ੍ਹ ਮੁੜ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਲਈ ਗੱਲਬਾਤ ਤਕਨੀਕੀ ਤੌਰ ‘ਤੇ ਰੋਕੀ ਗਈ ਹੈ। ਇਸ ਗੱਲਬਾਤ ਦੇ ਸ਼ੁਰੂ ਹੋਣ ਨਾਲ ਹੋਰ ਸ਼ਹਿਰਾਂ ‘ਚ ਘਿਰੇ ਨਾਗਰਿਕਾਂ ਨੂੰ ਕੱਢਣ ਜਾਂ ਉਨ੍ਹਾਂ ਤੱਕ ਐਮਰਜੈਂਸੀ ਸਪਲਾਈ ਪੁੱਜਣ ਦਾ ਰਸਤਾ ਖੁੱਲ੍ਹਣ ਦੀ ਆਸ ਜਾਗੀ ਹੈ। ਵੀਡੀਓ ਕਾਨਫਰੰਸ ਜ਼ਰੀਏ ਹੋਣ ਵਾਲੀ ਇਹ ਗੱਲਬਾਤ ਚੌਥੇ ਦੌਰ ਦੀ ਹੈ, ਜਿਸ ਵਿਚ ਦੋਵੇਂ ਦੇਸ਼ਾਂ ਦੇ ਉੱਚ ਪੱਧਰ ਦੇ ਅਧਿਕਾਰੀ ਸ਼ਾਮਿਲ ਹਨ। ਪਿਛਲੀ ਗੱਲਬਾਤ ਬੇਲਾਰੂਸ ‘ਚ ਵਿਅਕਤੀਗਤ ਤੌਰ ‘ਤੇ ਹੋਈ ਸੀ ਤੇ ਉਸ ਵਿਚ ਯੂਕਰੇਨ ‘ਚ ਲੜਾਈ ਸਮਾਪਤ ਕਰਨ ਜਾਂ ਮਨੁੱਖੀ ਮਾਰਗਾਂ ‘ਤੇ ਸਥਾਈ ਸਮਝੌਤਿਆਂ ਲਈ ਕੋਈ ਸਫਲਤਾ ਨਹੀਂ ਮਿਲੀ ਸੀ। ਦੋਵੇਂ ਧਿਰਾਂ ਦੀ ਬੈਠਕ ਦੀ ਵੀਡੀਓ ਲਿੰਕ ਰਾਹੀਂ ਇਕ ਫੋਟੋ ਜਾਰੀ ਕਰਦਿਆਂ ਯੂਕਰੇਨ ਦੇ ਰਾਸ਼ਟਰਪਤੀ ਦੇ ਸਹਾਇਕ ਨੇ ਕਿਹਾ ਕਿ ਗੱਲਬਾਤ ਜਾਰੀ ਹੈ, ਫਿਰ ਵੀ ਇਹ ਔਖਾ ਹੈ।
