ਵਿਸਾਖੀ ਵਾਲੇ ਦਿਨ ਹਲਕੇ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਫਸਲ ਦੇ ਅੰਬਾਰ ਲੱਗ ਚੁੱਕੇ ਹਨ ਪਰ ਖਰੀਦ ਏਜੰਸੀਆਂ ਕਿਧਰੇ ਨਜ਼ਰ ਨਹੀਂ ਆ ਰਹੀਆਂ। ਪੰਜਾਬ ਸਰਕਾਰ ਨੇ ਇੱਕ ਅਪਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਦਾਅਵਾ ਕੀਤਾ ਸੀ ਪਰ ਅੱਜ 13 ਅਪਰੈਲ ਤੱਕ ਵੀ ਲਹਿਰਾਗਾਗਾ ਦੀ ਮੁੱਖ ਮੰਡੀ ਅਤੇ ਹੋਰ ਖਰੀਦ ਕੇਂਦਰਾਂ ਵਿੱਚ ਕਣਕ ਦੀ ਬੋਲੀ ਸ਼ੁਰੂ ਨਹੀਂ ਹੋ ਸਕੀ ਹੈ।
ਆਪਣੀ ਫਸਲ ਲੈ ਕੇ ਮੰਡੀਆਂ ਵਿੱਚ ਬੈਠੇ ਹੋਏ ਕਿਸਾਨਾਂ ਨੂੰ ਇਕ ਹਫ਼ਤਾ ਬੀਤ ਚੁੱਕਿਆ ਹੈ। ਸਰਕਾਰ ਦਾ ਦਾਅਵਾ ਸੀ ਕਿ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਹੱਥੋ ਹੱਥ ਵਿਕੇਗੀ ਅਤੇ 24 ਘੰਟੇ ਅੰਦਰ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਆ ਜਾਣਗੇ ਪਰੰਤੂ ਇੱਥੇ ਹਫ਼ਤੇ ਭਰ ਤੋਂ ਕਿਸਾਨ ਖੱਜਲ ਖੁਆਰ ਹੋ ਰਹੇ ਹਨ।
ਇਸ ਸਬੰਧੀ ਜਦੋਂ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਜਿਹੜੀ ਕਣਕ ਆ ਰਹੀ ਹੈ, ਉਹ ਸਰਕਾਰੀ ਮਾਪਦੰਡਾਂ ਅਨੁਸਾਰ ਖਰੀ ਨਹੀਂ ਉਤਰ ਰਹੀ ਹੈ, ਜਿਸ ਨੂੰ ਐੱਫ.ਏ.ਕਿਊ. (FAQ) ਮਿਆਰਾਂ ਤਹਿਤ ਖਰੀਦਣਾ ਅਸੰਭਵ ਹੈ। ਸਰਕਾਰ ਵੱਲੋਂ ਜਾਰੀ ਕੀਤੇ ਪੱਤਰ ਵਿੱਚ ਲਿਖਿਆ ਹੋਇਆ ਹੈ ਕਿ ਜੋ ਕਣਕ ਸਰਕਾਰੀ ਮਾਪਦੰਡਾਂ ਵਿੱਚ ਨਹੀਂ ਆਉਂਦੀ ਉਸ ਦੀ ਖਰੀਦ ਨਾ ਕੀਤਾ ਜਾਵੇ। ਜੇਕਰ ਕਿਸੇ ਵੱਲੋਂ ਖਰੀਦ ਕੀਤੀ ਗਈ ਤਾਂ ਉਸ ਵਿਰੁੱਧ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਮਾਪਦੰਡਾਂ ਵਿੱਚ ਢਿੱਲ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਕਣਕ ਦੀ ਖਰੀਦ ਕਰਨੀ ਸੰਭਵ ਨਹੀਂ ਹੈ।
