ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 107 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਭਾਜਪਾ ਨੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੂੰ ਗੋਰਖਪੁਰ (ਸ਼ਹਿਰੀ) ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ ਜਦਕਿ ਉੱਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੂੰ ਪ੍ਰਯਾਗਰਾਜ ਦੇ ਸਿਰਾਥੂ ਹਲਕੇ ਤੋਂ ਉਮੀਦਵਾਰ ਬਣਾਇਆ ਹੈ | ਇਸ ਸੰਬੰਧੀ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਦੱਸਿਆ ਕਿ ਜਾਰੀ ਕੀਤੀ ਸੂਚੀ ‘ਚ ਮੰਤਰੀ ਸੁਰੇਸ਼ ਰਾਣਾ, ਸੁਰੇਸ਼ ਖੰਨਾ ਤੇ ਸ਼੍ਰੀਕਾਂਤ ਸ਼ਰਮਾ ਸਮੇਤ 63 ਮੌਜੂਦਾ ਵਿਧਾਇਕ ਸ਼ਾਮਿਲ ਹਨ | ਜਾਰੀ ਕੀਤੀ ਸੂਚੀ ਅਨੁਸਾਰ ਉੱਤਰਾਖੰਡ ਦੀ ਸਾਬਕਾ ਰਾਜਪਾਲ ਤੇ ਹੁਣ ਭਾਜਪਾ ਦੀ ਉੱਪ-ਪ੍ਰਧਾਨ ਬੇਬੀ ਰਾਣੀ ਮੌਰੀਆ, ਜੋ ਕਿ ਇਕ ਦਲਿਤ ਹਨ, ਨੂੰ ਆਗਰਾ (ਦਿਹਾਤੀ) ਹਲਕੇ ਤੋਂ ਜਦਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਪੁੱਤਰ ਪੰਕਜ ਸਿੰਘ ਨੂੰ ਨੋਇਡਾ ਵਿਧਾਨ ਸਭਾ ਹਲਕੇ ਤੋਂ ਫਿਰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ |

