ਪਿੰਡ ਬਾਦਲ ਸਥਿਤ ‘ਸਟੇਟ ਇੰਸਟੀਚਿਊਟ ਆਫ਼ ਨਰਸਿੰਗ ਐਂਡ ਪੈਰਾ ਮੈਡੀਕਲ ਸਾਇੰਸਜ਼’ ਵਿੱਚ ਬੀਤੀ ਦੇਰ ਰਾਤ ਉਸ ਵੇਲੇ ਮਾਤਮ ਪਸਰ ਗਿਆ, ਜਦੋਂ ਜੀ.ਐਨ.ਐਮ. ਦੂਜੇ ਸਾਲ ਦੀ ਇੱਕ 20 ਸਾਲਾ ਵਿਦਿਆਰਥਣ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਤਨੂੰ ਵਾਸੀ ਜ਼ਿਲ੍ਹਾ ਰੋਪੜ ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਮੁਤਾਬਕ ਵਿਦਿਆਰਥਣ ਨੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਘਟਨਾ ਤੋਂ ਬਾਅਦ ਹੋਸਟਲ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਹੈ।
ਪਿੰਡ ਬਾਦਲ ਵਿਖੇ ਸਥਿਤ ਸਟੇਟ ਇੰਸਟੀਚਿਊਟ ਆਫ਼ ਨਰਸਿੰਗ ਐਂਡ ਪੈਰਾ ਮੈਡੀਕਲ ਸਾਇੰਸਜ਼ ਵਿਖੇ ਬੀਤੀ ਦੇਰ ਰਾਤ ਜੀਐਨਐਮ (ਦੂਜਾ ਸਾਲ) ਦੀ ਕਰੀਬ 20 ਸਾਲਾ ਵਿਦਿਆਰਥਣ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੇ ਤੌਰ ’ਤੇ ਵਿਦਿਆਰਥਣ ਵੱਲੋੰ ਹੋਸਟਲ ਦੇ ਕਮਰੇ ਵਿੱਚ ਫਾਹਾ ਲੈਣ ਦੀ ਗੱਲ ਆਖੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਤਨੂੰ ਵਾਸੀ ਜ਼ਿਲ੍ਹਾ ਰੋਪੜ ਵਜੋਂ ਹੋਈ ਹੈ। ਲੰਬੀ ਪੁਲੀਸ ਵੱਲੋੰ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਹਸਪਤਾਲ ਵਿੱਚ ਇਸ ਪੱਤਰਕਾਰ ਨੇ ਵੇਖਿਆ ਕਿ ਜ਼ੇਰੇ ਇਲਾਜ ਇਹ ਵਿਦਿਆਰਥਣਾਂ ਬੇਹੱਦ ਘਬਰਾਹਟ ਵਿਚ ਸਨ ਕਈ ਚੀਕਾਂ ਤੱਕ ਮਾਰ ਰਹੀਆਂ ਸਨ ਅਤੇ ਗੱਲਬਾਤ ਕਰਨ ਦੀ ਹਾਲਤ ਵਿੱਚ ਨਹੀਂ ਸਨ। ਉਨ੍ਹਾਂ ਨਾਲ ਆਈਆਂ ਸੀਨੀਅਰ ਵਿਦਿਆਰਥਣਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰਫ ਇਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਣ ਅਤੇ ਸਾਂਭ-ਸੰਭਾਲ ਲਈ ਆਖਿਆ ਗਿਆ ਹੈ, ਇਸ ਤੋਂ ਇਲਾਵਾ ਉਨ੍ਹਾਂ ਨੂੰ ਵਿਦਿਆਰਥਣਾਂ ਦੀ ਹਾਲਤ ਵਿਗੜਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ।
ਸਿਵਲ ਹਸਪਤਾਲ ਬਾਦਲ ਦੇ ਐਮਰਜੈਂਸੀ ਵਾਰਡ ਦੇ ਅਮਲੇ ਨੇ ਖਰਾਬ ਤਬੀਅਤ ਵਿੱਚ 6 ਵਿਦਿਆਰਥਣਾਂ ਦੇ ਪੁੱਜਣ ਦੀ ਪੁਸ਼ਟੀ ਕੀਤੀ ਹੈ। ਘਟਨਾ ਉਪਰੰਤ ਰਾਤ ਸਮੇਂ ਇੰਸਟੀਚਿਊਟ ਵਿਚ ਦਫ਼ਤਰੀ ਅਮਲੇ ਨੂੰ ਵੀ ਘਰਾਂ ਤੋਂ ਸੱਦਿਆ ਗਿਆ। ਸੂਤਰਾਂ ਮੁਤਾਬਕ ਪੁਲੀਸ ਵੱਲੋਂ ਮੌਕੇ ਦੀ ਜਾਂਚ ਕਰਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਹੋਸਟਲ ਦੇ ਹੋਰ ਵਿਦਿਆਰਥੀਆਂ ਅਤੇ ਸਟਾਫ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
ਇੰਸਟੀਚਿਊਟ ਦੀ ਪ੍ਰਿੰਸੀਪਲ ਪ੍ਰਭਜੋਤ ਕੌਰ ਨੇ ਵਿਦਿਆਰਥਣ ਵੱਲੋੰ ਖ਼ੁਦਕੁਸ਼ੀ ਦੀ ਪੁਸ਼ਟੀ ਕਰਦੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮ੍ਰਿਤਕਾ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਵਿਦਿਆਰਥਣਾਂ ਦੀ ਹਾਲਤ ਵਿਗੜ ਬਾਰੇ ਪ੍ਰਿੰਸੀਪਲ ਦਾ ਕਹਿਣਾ ਸੀ ਕਿ ਅਜਿਹੀ ਘਟਨਾ ਉਪਰੰਤ ਹੋਰਨਾਂ ਵਿਦਿਆਰਥਣਾਂ ਦੀ ਹਾਲਤ ਵਿਗੜਣਾ ਸੁਭਾਵਿਕ ਹੈ।
