ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗਰੁੱਪ ਸੀ ਅਤੇ ਡੀ ਦੇ 35 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ | ਮੁੱਖ ਮੰਤਰੀ ਨੇ ਇਕ ਵੀਡੀਓ ਸੰਦੇਸ਼ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਜਦ ਉਹ ਪੰਜਾਬ ਵਿਚ ਨਿਕਲਦੇ ਸਨ ਤਾਂ ਕੱਚੇ ਕਰਮਚਾਰੀ ਉਨ੍ਹਾਂ ਨੂੰ ਮਿਲਦੇ ਸਨ, ਜੋ ਕਈ ਵਾਰ ਆਪਣੀ ਪ੍ਰੇਸ਼ਾਨੀ ਦੱਸਦੇ ਹੋਏ ਰੋ ਵੀ ਪੈਂਦੇ ਸਨ | ਉਨ੍ਹਾਂ ਕਿਹਾ ਕਿ ਕਈ ਕਰਮਚਾਰੀ 18-18 ਸਾਲ ਤੋਂ ਕੱਚੇ ਹਨ ਅਤੇ ਹਮੇਸ਼ਾ ਉਨ੍ਹਾਂ ਦੇ ਸਿਰ ‘ਤੇ ਇਹ ਤਲਵਾਰ ਲਟਕਦੀ ਰਹਿੰਦੀ ਹੈ ਕਿ ਪਤਾ ਨਹੀਂ ਕਦ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ | ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਊਟਸੋਰਸ ਰਾਹੀਂ ਭਰਤੀ ਹੋਏ ਕਰਮਚਾਰੀ ਦੱਸਦੇ ਸਨ ਕਿ ਉਨ੍ਹਾਂ ਕੋਲੋਂ ਬਹੁਤ ਜ਼ਿਆਦਾ ਤਨਖ਼ਾਹਾਂ ‘ਤੇ ਦਸਤਖ਼ਤ ਕਰਵਾਏ ਜਾਂਦੇ ਹਨ ਪਰ ਤਨਖ਼ਾਹਾਂ ਬਹੁਤ ਘੱਟ ਦਿੱਤੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਅਸੀਂ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ ਕਿ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ ਅਤੇ ਅੱਜ ਗਰੱੁਪ ਸੀ ਅਤੇ ਡੀ ਦੇ 35 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਲਈ ਮੁੱਖ ਸਕੱਤਰ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਨੂੰ ਇਹ ਵੀ ਕਿਹਾ ਗਿਆ ਹੈ ਕਿ ਅਗਲੇ ਵਿਧਾਨ ਸਭਾ ਇਜਲਾਸ ਤੱਕ ਇਸ ਕਾਨੂੰਨ ਦਾ ਮਸੌਦਾ ਬਣਾ ਕੇ ਮੈਨੂ ਭੇਜਿਆ ਜਾਵੇ ਤਾਂ ਜੋ ਵਿਧਾਨ ਸਭਾ ‘ਚ ਇਸ ਨੂੰ ਮੰਨਜ਼ੂਰ ਕਰਕੇ ਲਾਗੂ ਕਰ ਸਕੀਏ | ਮੁੱਖ ਮੰਤਰੀ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰੀ ਸਕੂਲ ਅਧਿਆਪਕਾਂ ਤੋਂ ਵਾਂਝੇ ਪਏ ਹਨ, ਜਦਕਿ ਸਕੂਲਾਂ ਦੇ ਸਾਹਮਣੇ ਟੈਂਕੀਆਂ ‘ਤੇ ਨੌਕਰੀਆਂ ਲਈ ਅਧਿਆਪਕ ਧਰਨੇ ਦੇ ਰਹੇ ਹੁੰਦੇ ਹਨ | ਉਨ੍ਹਾਂ ਕਿਹਾ ਕਿ ਨਵੀਆਂ ਨੌਕਰੀਆਂ ਤਾਂ ਕੱਢੀਆਂ ਹੀ ਜਾਣਗੀਆਂ, ਪਰ ਪਹਿਲਾਂ ਜੇ ਅਸੀਂ ਖ਼ਾਲੀ ਪਈਆਂ ਅਸਾਮੀਆਂ ਨੂੰ ਹੀ ਭਰ ਲਈਏ ਤਾਂ ਵੀ ਬਹੁਤ ਘਰਾਂ ਦੇ ਚੁੱਲੇ ਬਲਣੇ ਸ਼ੁਰੂ ਹੋ ਜਾਣਗੇ | ਮੁੱਖ ਮੰਤਰੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਹੁਣ ਪੰਜਾਬ ਦੇ ਪੁੱਤਾਂ ਦੀਆਂ ਹੋਰ ਪੱਗਾਂ ਢਹਿਣ ਅਤੇ ਧੀਆਂ-ਭੈਣਾਂ ਦੀਆਂ ਚੁੰਨੀਆਂ ਲਹਿਣ | ਉਨ੍ਹਾਂ ਕਿਹਾ ਕਿ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਬਹੁਤ ਹੋ ਗਈਆਂ, ਕੋਈ ਅਜਿਹਾ ਚੌਕ ਜਾਂ ਟੈਂਕੀ ਨਹੀਂ, ਜਿਥੇ ਧਰਨੇ ਨਾ ਲੱਗੇ ਹੋਣ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਧਰਨਾ ਮੁਕਤ ਪੰਜਾਬ ਬਣਾਉਣਗੇ, ਜਿਸ ਲਈ ਕੰਮ ਸ਼ੁਰੂ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਹੁਣ ਪੰਜਾਬ ‘ਚ ਨਾ ਤਾਂ ਕੋਈ ਕੱਚਾ ਘਰ ਰਹੇਗਾ ਤੇ ਨਾ ਹੀ ਕੱਚਾ ਮੁਲਾਜ਼ਮ |
