ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਹਨਾਂ ਨੇ ਪੰਜਾਬ ਦੇ ਵਿੱਤੀ ਹਾਲਾਤਾਂ ਦਾ ਵੇਰਵਾ ਦਿੱਤਾ ਹੈ ਅਤੇ ਵਿਰੋਧੀਆਂ ਵਲੋਂ ਚੁੱਕੇ ਸਵਾਲਾਂ ਦਾ ਵੀ ਜਵਾਬ ਦਿੱਤਾ। ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਕਿ ਪਹਿਲਾਂ ਜਦੋਂ ਪੀਐਸਪੀਸੀਐਲ ਦਾ ਨਾਮ ਆਉਂਦਾ ਸੀ ਤਾਂ ਮਨ ਵਿਚ ਘਾਟਾ ਸ਼ਬਦ ਹੀ ਆਉਂਦਾ ਸੀ, ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਉਹਨਾਂ ਕਿਹਾ ਕਿ 2022-23 ਵਿੱਚ ਇਹ ਪਹਿਲੀ ਵਾਰ ਹੈ ਜਦੋਂ ਬਿਜਲੀ ਬੋਰਡ ਦੇ 20200 ਕਰੋੜ ਰੁਪਏ ਦਿੱਤੇ ਗਏ ਹਨ ਤੇ ਹੁਣ ਸਬਸਿਡੀ ਦਾ ਕੋਈ ਬਕਾਇਆ ਨਹੀਂ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਸੀਐਮ ਭਗਵੰਤ ਮਾਨ ਦੇ ਨਾਲ ਪੀਐਸਪੀਸੀਐਲ ਦੇ ਸੀਐਮਡੀ ਬਲਦੇਵ ਸਿੰਘ ਸਰਾਂ ਵੀ ਮੌਜੂਦ ਸਨ। ਸੀਐਮ ਮਾਨ ਨੇ ਕਿਹਾ, ਪਹਿਲਾਂ ਸਬਸਿਡੀ ਦੇ ਪੈਸੇ ਪੀਐਸਪੀਸੀਐਲ ਨੂੰ ਨਹੀਂ ਦਿੱਤੇ ਜਾਂਦੇ ਸਨ, ਪਰ ਹੁਣ ਲਗਾਤਾਰ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਰੈਵੇਨਿਊ ਪਿਛਲੀ ਵਾਰ ਨਾਲੋਂ 2587 ਕਰੋੜ ਰੁਪਏ ਜ਼ਿਆਦਾ ਹੈ, ਯਾਨੀ ਕਿ ਇਸ ਵਿਚ 41.41 ਫੀਸਦੀ ਦਾ ਵਾਧਾ ਹੋਇਆ ਹੈ। ਸਾਲ 2023-24 ਵਿਚ ਸਾਡਾ ਟਾਰਗਿਟ ਦਾ 10 ਹਜ਼ਾਰ ਕਰੋੜ ਦਾ ਹੈ। ਇਸ ਤੋਂ ਪਹਿਲਾਂ ਵੀ ਇਹ ਟਾਰਗਿਟ ਹਾਸਲ ਕੀਤੇ ਜਾ ਸਕਦੇ ਸਨ ਪਰ ਪਹਿਲੀਆਂ ਸਰਕਾਰਾਂ ਨੇ ਮਾਫੀਆ ਬਣਾ ਲਏ ਅਤੇ ਸਾਰਾ ਪੈਸਾ ਇਨ੍ਹਾਂ ਦੇ ਘਰਾਂ ਵਿਚ ਹੀ ਗਿਆ।
ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਜੀ. ਐੱਸ. ਟੀ. ਦੀ ਕਲੈਕਸ਼ਨ ਹੈ। ਜਿਸ ਵਿਚ ਪੰਜਾਬ ਪਹਿਲਾਂ ਲਾਸਟ ਜਾਂ ਸੈਕਿੰਡ ਲਾਸਟ ’ਤੇ ਹੁੰਦਾ ਸੀ ਪਰ ਇਸ ਵਾਰ 18 ਹਜ਼ਾਰ 126 ਕਰੋੜ ਰੁਪਿਆ ਜੀ. ਐੱਸ. ਟੀ. ਦੀ ਕਲੈਕਸ਼ਨ ਹੋਇਆ ਹੈ, ਜਿਸ ਵਿਚ 16.6 ਫੀਸਦੀ ਦਾ ਵਾਧਾ ਹੈ। ਇਸ ਸਦਕਾ ਅਸੀਂ ਸਿਖਰਲੇ ਸੂਬਿਆਂ ਵਿਚ ਆ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੀ. ਐੱਸ. ਟੀ. ਕਲੈਕਸ਼ਨ ਹੋਰ ਵਧਾਈ ਜਾਵੇਗੀ। ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਜਿਸਟਰੀ ’ਤੇ ਸਵਾ ਦੋ ਫੀਸਦੀ ਟੈਕਸ ਘਟਾਇਆ ਗਿਆ, ਜਿਸ ਕਾਰਣ ਲੋਕਾਂਨੇ ਰਜਿਸਟਰੀ ਕਰਵਾਉਣ ਵਿਚ ਖਾਸੀ ਦਿਲਚਸਪੀ ਦਿਖਾਈ। ਇਸ ਨਾਲ ਸਾਨੂੰ ਇਕਲੇ ਮਾਰਚ ਵਿਚ 78 ਫੀਸਦੀ ਰੈਵੇਨਿਊ ਦਾ ਵਾਧਾ ਹੋਇਆ। ਅਪ੍ਰੈਲ ਮਹੀਨੇ ਵਿਚ ਇਸ ਹੋਰ ਰੈਵੇਨਿਊ ਵਧੇਗਾ।
ਇਸ ਤੋਂ ਇਲਾਵਾ ਖੇਤੀਬਾੜੀ ਸੈਕਟਰ ਲਈ 9 ਹਜ਼ਾਰ 63 ਕਰੋੜ 79 ਲੱਖ ਰੁਪਏ ਦੀ। ਘਰੇਲੂ ਖਪਤਕਾਰਾਂ ਨੂੰ 8225 ਕਰੋੜ 90 ਲੱਖ ਦੀ ਸਬਸਿਡੀ, ਇੰਡਸਟਰੀਅਲ 29.31 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ, ਜਿਹੜੀ 20 ਹਜ਼ਾਰ ਕਰੋੜ ਬਣਦੀ ਹੈ। ਇਹ ਪਹਿਲੀ ਵਾਰ ਹੋਇਆ ਕਿ ਬਿਜਲੀ ਬੋਰਡ ਨੂੰ ਇੰਨੀ ਵੱਡੀ ਰਕਮ ਦਿੱਤੀ ਗਈ ਹੋਵੇ। ਇਸ ਤੋਂ ਇਲਾਵਾ ਪੰਜਾਬ ਵਿਚ ਰੇਤਾਂ ਦੀਆਂ ਪਬਲਿਕ ਮਾਈਨ ਖੋਲ੍ਹੀਆਂ ਗਈਆਂ ਜਿਨ੍ਹਾਂ ਦੀ ਗਿਣਤੀ 50 ਤੋਂ ਵੱਧ ਹੈ, ਆਉਣ ਵਾਲੇ ਦਿਨਾਂ ਵਿਚ ਹੋਰ ਰੇਤਾਂ ਦੀਆਂ ਖੱਡਾਂ ਖੁੱਲ੍ਹਣਗੀਆਂ। ਮਾਨ ਨੇ ਕਿਹਾ ਕਿ ਪੰਜਾਬ ਵਿਚ 504 ਆਮ ਆਦਮੀ ਕਲੀਨਿਕ ਖੋਲ੍ਹੇ ਗਏ। ਉਸ ਵਿਚ ਹੁਣ ਤਕ 21 ਲੱਖ 21 ਹਜ਼ਾਰ 350 ਮਰੀਜ਼ਾਂ ਨੇ ਇਲਾਜ ਕਰਵਾਇਆ ਹੈ, ਜਦਕਿ 134 ਮੁਹੱਲਾ ਕਲੀਨਿਕ ਹੋਰ ਤਿਆਰ ਹਨ ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ’ਚ ਪੰਜਾਬ ਦੇ ਲੋਕਾਂ ਨੂੰ ਅਰਪਣ ਕੀਤਾ ਜਾਵੇਗਾ। ਉਨ੍ਹਾਂ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਡੇ ਕੋਲ ਇਕ ਹੈਲਥ ਡਾਟਾ ਵੀ ਆ ਰਿਹਾ ਹੈ, ਇਸ ਤੋਂ ਇਹ ਪਤਾ ਲਗੇਗਾ ਕਿ ਪੰਜਾਬ ਦੇ ਕਿਹੜੇ ਇਲਾਕੇ ਵਿਚ ਕਿਹੜੀ ਬਿਮਾਰੀ ਵੱਧ ਪੈਰ ਪਸਾਰ ਰਹੀ ਹੈ, ਜਿਸ ਨੂੰ ਠੱਲ੍ਹ ਪਾਉਣ ਲਈ ਸਰਕਾਰ ਵਲੋਂ ਵੱਡੇ ਕਦਮ ਚੁੱਕੇ ਜਾਣਗੇ। ਮਾਨ ਨੇ ਕਿਹਾ ਕਿ ਹੁਣ ਪੰਜਾਬ ਆਰਥਿਕਤਾ ਦੀ ਗੱਡੀ ਪੱਟੜੀ ’ਤੇ ਚੜ੍ਹ ਚੁੱਕਾ ਹੈ, ਜਿਸ ਨੂੰ ਹੋਰ ਬੁਲੰਦੀਆਂ ’ਤੇ ਪਹੁੰਚਾਇਆ ਜਾਵੇਗਾ।
