ਪਿਛਲੇ ਕੁਝ ਦਿਨਾਂ ਤੋਂ ਅਚਾਨਕ ਵਧੀ ਗਰਮੀ ਅਤੇ ਬਦਲਦੇ ਮੌਸਮ ਕਾਰਨ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਸਨ। ਮਾਰਚ ਦੇ ਮਹੀਨੇ ਵਿੱਚ ਹੀ ਤਾਪਮਾਨ ਦੇ ਤੇਜ਼ੀ ਨਾਲ ਵਧਣ ਕਾਰਨ ਇੱਕ ਪਾਸੇ ਲੋਕਾਂ ਦੀ ਸਿਹਤ ‘ਤੇ ਅਸਰ ਪੈ ਰਿਹਾ ਸੀ, ਤਾਂ ਦੂਜੇ ਪਾਸੇ ਕਿਸਾਨ ਵੀ ਚਿੰਤਿਤ ਸਨ ਕਿ ਜੇਕਰ ਮੌਸਮ ਇਸੇ ਤਰ੍ਹਾਂ ਗਰਮ ਰਿਹਾ ਤਾਂ ਫਸਲਾਂ ‘ਤੇ ਵੀ ਇਸਦਾ ਨੁਕਸਾਨਦਾਇਕ ਪ੍ਰਭਾਵ ਪੈ ਸਕਦਾ ਹੈ।
ਇਸ ਦਰਮਿਆਨ ਅੱਜ ਸਵੇਰੇ ਤੋਂ ਹੋ ਰਹੀ ਹਲਕੀ ਬੂੰਦਾਬਾਂਦੀ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ। ਹਲਕੀ ਬਾਰਿਸ਼ ਨਾਲ ਨਾ ਸਿਰਫ ਹਵਾ ਵਿੱਚ ਠੰਡਕ ਮਹਿਸੂਸ ਹੋਈ ਹੈ, ਸਗੋਂ ਲੋਕਾਂ ਨੂੰ ਵੀ ਕੁਝ ਰਾਹਤ ਮਿਲੀ ਹੈ। ਖਾਸ ਕਰਕੇ ਕਾਂਡੀ ਇਲਾਕੇ ਦੇ ਕਿਸਾਨਾਂ ਲਈ ਇਹ ਬਾਰਿਸ਼ ਕਿਸੇ ਰਹਿਮਤ ਤੋਂ ਘੱਟ ਨਹੀਂ ਮੰਨੀ ਜਾ ਰਹੀ।
ਕਾਂਡੀ ਖੇਤਰ ਦੇ ਬਹੁਤ ਸਾਰੇ ਕਿਸਾਨ ਅਜਿਹੇ ਹਨ ਜੋ ਸਿੰਚਾਈ ਲਈ ਮੁੱਖ ਤੌਰ ‘ਤੇ ਮੀਂਹ ਦੇ ਪਾਣੀ ‘ਤੇ ਹੀ ਨਿਰਭਰ ਰਹਿੰਦੇ ਹਨ। ਪਹਾੜੀ ਇਲਾਕਿਆਂ ਵਿੱਚ ਪਾਣੀ ਦੀ ਕਮੀ ਕਾਰਨ ਖੇਤਾਂ ਨੂੰ ਨਹਿਰੀ ਪਾਣੀ ਜਾਂ ਟਿਊਬਵੈਲ ਦੀ ਸਹੂਲਤ ਘੱਟ ਮਿਲਦੀ ਹੈ, ਜਿਸ ਕਰਕੇ ਇੱਥੇ ਦੀ ਖੇਤੀ ਕਾਫੀ ਹੱਦ ਤੱਕ ਮੀਂਹ ‘ਤੇ ਨਿਰਭਰ ਹੁੰਦੀ ਹੈ।
