ਕੇਂਦਰ ਨੇ ਸਨਿਚਰਵਾਰ ਨੂੰ ਕਿਸਾਨਾਂ ਦੇ ਹਿੱਤ ‘ਚ ਪੰਜਾਬ ਤੇ ਹਰਿਆਣਾ ‘ਚ 3 ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ | ਹਾਲ ਹੀ ‘ਚ ਹੋਈ ਭਾਰੀ ਬਾਰਿਸ਼ ਕਾਰਨ 11 ਅਕਤੂਬਰ ਤੱਕ ਖ਼ਰੀਦ ਮੁਅੱਤਲ ਕਰਨ ਦੇ ਕੇਂਦਰ ਦੇ ਪਹਿਲੇ ਫੈਸਲੇ ਦਾ ਦੋਵਾਂ ਰਾਜਾਂ ‘ਚ ਕਿਸਾਨਾਂ ਨੇ ਵਿਰੋਧ ਕੀਤਾ ਸੀ | ਕੇਂਦਰੀ ਖਾਧ ਮੰਤਰਾਲੇ ਦੇ ਅਧਿਕਾਰੀ ਵਲੋਂ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਲਿਖੇ ਪੱਤਰ ‘ਚ ਕਿਹਾ ਗਿਆ ਕਿ ਮੈਨੂੰ ਇਹ ਸੂਚਿਤ ਕਰਨ ਦਾ ਨਿਰਦੇਸ਼ ਹੋਇਆ ਹੈ ਕਿ ਪੰਜਾਬ ਤੇ ਹਰਿਆਣਾ ਸੂਬੇ ‘ਚ 2021-22 ਖਰੀਫ਼ ਮੰਡੀ ਸੀਜ਼ਨ ਲਈ 3 ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ | ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਤਿੱਖੇ ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਨੂੰ ਝੋਨੇ ਦੀ ਸਰਕਾਰੀ ਖ਼ਰੀਦ 10 ਦਿਨ ਅੱਗੇ ਪਾਉਣ ਦਾ ਫ਼ੈਸਲਾ ਵਾਪਸ ਲੈਣਾ ਪਿਆ | ਅੱਜ ਕੇਂਦਰ ਸਰਕਾਰ ਦੇ ਉਪਭੋਗਤਾ, ਖ਼ੁਰਾਕ ਅਤੇ ਲੋਕ ਵੰਡ ਮੰਤਰਾਲੇ ਦੇ ਅੰਡਰ ਸੈਕਟਰੀ ਜੈ ਪ੍ਰਕਾਸ਼ ਵਲੋਂ ਪੰਜਾਬ ਦੇ ਪਿ੍ੰਸੀਪਲ ਸਕੱਤਰ ਖ਼ੁਰਾਕ ਅਤੇ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਝੋਨੇ ਦੀ ਖ਼ਰੀਦ 3 ਅਕਤੂਬਰ ਤੋਂ ਸ਼ੁਰੂ ਕਰਨ ਲਈ ਕਿਹਾ ਗਿਆ ਹੈ | ਵਰਨਣਯੋਗ ਹੈ ਕਿ ਕੇਂਦਰ ਸਰਕਾਰ ਦੇ ਝੋਨੇ ਦੀ ਖ਼ਰੀਦ 11 ਅਕਤੂਬਰ ਤੱਕ ਅੱਗੇ ਪਾਉਣ ਦੇ ਹੁਕਮਾਂ ਵਿਰੁੱਧ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਵਲੋਂ ਜ਼ਬਰਦਸਤ ਵਿਰੋਧ ਸ਼ੁਰੂ ਹੋ ਗਿਆ ਸੀ | ਸੰਯੁਕਤ ਕਿਸਾਨ ਮੋਰਚੇ ਵਲੋਂ ਹਰਿਆਣਾ ‘ਚ ਭਾਜਪਾ ਵਿਧਾਇਕਾਂ ਨੂੰ ਘੇਰਨ ਦਾ ਫ਼ੈਸਲਾ ਕੀਤਾ ਗਿਆ ਸੀ, ਜਦੋਂ ਕਿ ਪੰਜਾਬ ‘ਚ ਵੀ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਸ਼ੁਰੂ ਕਰ ਦਿੱਤੇ ਗਏ ਸਨ |
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਉਪ ਚੇਅਰਮੈਨ ਵਿਜੈ ਕਾਲੜਾ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ‘ਚ ਝੋਨੇ ਦੀ ਖ਼ਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਹਨ | ਕਿਸਾਨਾਂ ਨੂੰ ੂ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਝੋਨੇ ਦੀ ਚੁਕਾਈ ਦੇ ਪ੍ਰਬੰਧ ਵੀ ਮੁਕੰਮਲ ਹਨ ਅਤੇ ਪੰਜਾਬ ਸਰਕਾਰ ਨੇ ਸ਼ੈਲਰਾਂ ਆਦਿ ‘ਚ ਝੋਨਾ ਲਾਉਣ ਦੇ ਇੰਤਜ਼ਾਮ ਵੀ ਮੁਕੰਮਲ ਕਰ ਲਏ ਹਨ | ਕਾਲੜਾ ਨੇ ਦੱਸਿਆ ਕਿ ਹਾਲਾਂਕਿ ਪੰਜਾਬ ਸਰਕਾਰ ਨੇ ਝੋਨੇ ਦੀ ਖ਼ਰੀਦ ਲਈ ਸਿਰਫ਼ ਸਾਢੇ 4 ਲੱਖ ਗੱਠਾਂ ਬਾਰਦਾਨਾ ਹੀ ਦੇਣਾ ਹੈ, ਪਰ ਨਵੰਬਰ ਤੱਕ ਪੰਜਾਬ ਸਰਕਾਰ ਕੋਲ 5 ਲੱਖ 15 ਹਜ਼ਾਰ ਗੱਠਾਂ ਬਾਰਦਾਨਾ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੀਆਂ ਮੰਡੀਆਂ ‘ਚ ਕਰੀਬ 25 ਲੱਖ ਬੋਰੀ ਝੋਨਾ ਆ ਚੁੱਕਾ ਹੈ | ਉਨ੍ਹਾਂ ਕਿਹਾ ਕਿ ਅਚਾਨਕ ਫਿਰ ਝੋਨੇ ਦੀ ਖ਼ਰੀਦ ਦੇ ਹੁਕਮ ਜਾਰੀ ਹੋਣ ‘ਤੇ ਮੰਡੀ ਬੋਰਡ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ | ਵਿਜੈ ਕਾਲੜਾ ਜੋ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵੀ ਹਨ, ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਨ ‘ਤੇ ਤਸੱਲੀ ਪ੍ਰਗਟ ਕਰਦਿਆਂ 5 ਅਕਤੂਬਰ ਤੱਕ ਐਲਾਨੀ ਗਈ ਆੜ੍ਹਤੀਆਂ ਦੀ ਹੜਤਾਲ ਵੀ ਵਾਪਸ ਲੈਣ ਦਾ ਐਲਾਨ ਕੀਤਾ |
