ਪੰਜਾਬ ਭਰ ਵਿੱਚ ਲੋਕਾਂ ਨੂੰ ਅੱਜ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਤੋਂ ਦੋਆਬਾ-ਮਾਝਾ ਅਤੇ ਮਾਲਵੇ ਦੇ ਤਿੰਨੋਂ ਖੇਤਰਾਂ ਵਿੱਚ ਕਿਸਾਨ ਧਰਨੇ ਦੇ ਕੇ ਸੜਕਾਂ ਜਾਮ ਕਰਨ ਜਾ ਰਹੇ ਹਨ। ਗੰਨੇ ਦੇ ਰੇਟ ਅਤੇ ਖੰਡ ਮਿੱਲਾਂ ਤੋਂ ਪਿਛਲੇ ਬਕਾਏ ਨਾ ਮਿਲਣ ਨੂੰ ਲੈ ਕੇ ਧਰਨਾ ਦਿੱਤਾ ਜਾਵੇਗਾ। ਅਜਿਹੇ ‘ਚ ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਲਈ ਯਾਤਰਾ ‘ਤੇ ਜਾ ਰਹੇ ਹੋ ਤਾਂ ਬਦਲਵੇਂ ਰਸਤਿਆਂ ਦੀ ਹੀ ਵਰਤੋਂ ਕਰੋ।
ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦਸੂਹਾ ਸ਼ੂਗਰ ਮਿੱਲ ਨੇੜੇ, ਗੁਰਦਾਸਪੁਰ ਵਿੱਚ ਧਾਰੀਵਾਲ ਚੌਕ ਜਾਂ ਬਾਈਪਾਸ, ਸਰਹਿੰਦ ਵਿੱਚ ਪੁਲਿਸ ਸਟੇਸ਼ਨ ਨੇੜੇ, ਤਪਾਮੰਡੀ, ਬੱਲੂਆਣਾ ਅਤੇ ਫਿਰੋਜ਼ਪੁਰ ਵਿੱਚ ਸ੍ਰੀ ਗੰਗਾਨਗਰ-ਬਠਿੰਡਾ ਰੋਡ ’ਤੇ ਧਰਨੇ ਦਿੱਤੇ ਜਾਣਗੇ। ਇਨ੍ਹਾਂ ਸਾਰੀਆਂ ਥਾਵਾਂ ’ਤੇ ਕਿਸਾਨ ਆਪਣੇ ਟਰੈਕਟਰ-ਟਰਾਲੀਆਂ ਲਾ ਕੇ ਅਣਮਿੱਥੇ ਸਮੇਂ ਲਈ ਸੜਕਾਂ ਜਾਮ ਕਰਨਗੇ।
ਕਿਸਾਨ ਮੋਰਚਾ ਦੇ ਆਗੂਆਂ ਦਾ ਕਹਿਣਾ ਹੈ ਕਿ ਖੰਡ ਮਿੱਲਾਂ ਵੱਲ ਕਿਸਾਨਾਂ ਦੇ 420 ਕਰੋੜ ਰੁਪਏ ਬਕਾਇਆ ਹਨ। ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਕਰਕੇ ਭਰੋਸਾ ਮਿਲਣ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਨੂੰ ਅਦਾਇਗੀ ਨਹੀਂ ਕੀਤੀ ਗਈ। ਸਰਕਾਰ ਨਾਲ ਸਮਝੌਤਾ ਹੋਇਆ ਸੀ ਕਿ ਗੰਨੇ ਦੀ ਨਵੀਂ ਕੀਮਤ 450 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਜਾਵੇਗੀ ਪਰ ਅਜੇ ਤੱਕ ਨਵੀਂ ਟੈਕਸ ਦਰ ਲਾਗੂ ਨਹੀਂ ਕੀਤੀ ਗਈ।
