ਸ਼ੰਭੂ-ਅੰਬਾਲਾ ਰੇਲ ਮਾਰਗ ’ਤੇ ਸੋਮਵਾਰ ਰਾਤੀਂ ਧਮਾਕਾ ਹੋਇਆ, ਜਿਸ ਵਿੱਚ ਸ਼ੰਭੂ ਕੋਲ ਰੇਲਵੇ ਲਾਈਨ ਨੁਕਸਾਨੀ ਗਈ। ਧਮਾਕਾ ਰਾਤੀਂ ਤਕਰੀਬਨ 10 ਵਜੇ ਦੇ ਕਰੀਬ ਹੋਇਆ। ਧਮਾਕੇ ਦੌਰਾਨ ਨੁਕਸਾਨੀ ਗਈ ਰੇਲਵੇ ਲਾਈਨ ਅੱਜ ਸਵੇਰੇ ਰੇਲਵੇ ਵਿਭਾਗ ਵੱਲੋਂ ਆਵਾਜਾਈ ਲਈ ਬਹਾਲ ਕਰ ਦਿੱਤੀ ਗਈ ਹੈ। ਉਧਰ ਰੇਲਵੇ ਟਰੈਕ ਤੋਂ ਇੱਕ ਮਨੁੱਖੀ ਧੜ ਦਾ ਕੁਝ ਹਿੱਸਾ ਵੀ ਮਿਲਿਆ ਹੈ।
ਦੱਸ ਦਈਏ ਕਿ ਇਸ ਧਮਾਕੇ ਦੌਰਾਨ ਰੇਲਵੇ ਲਾਈਨ ਦੇ ਇੱਕ ਹਿੱਸੇ ਨੂੰ ਨੁਕਸਾਨ ਪਹੁੰਚਿਆ ਸੀ, ਜਿਸ ਦੌਰਾਨ ਇਨ੍ਹਾਂ ਦੇ ਵਿਚਕਾਰ ਸਥਿਤ ਪੱਥਰ ਦੀ ਸਲੈਬ ਟੁੱਟਣ ਸਮੇਤ ਰੇਲਵੇ ਲਾਈਨ ਵੀ ਟੁੱਟ ਗਈ ਸੀ ਜਿਸ ਮਗਰੋਂ ਰੇਲਵੇ ਵਿਭਾਗ ਵੱਲੋਂ ਆਵਾਜਾਈ ਬੰਦ ਕਰ ਦਿੱਤੀ ਗਈ ਸੀ
ਸੂਤਰਾਂ ਤੋਂ ਪ੍ਰਾਪਤ ਹੋਈ ਇੱਕ ਹੋਰ ਜਾਣਕਾਰੀ ਅਨੁਸਾਰ ਇਸ ਧਮਾਕੇ ਦੌਰਾਨ ਮਾਰੇ ਗਏ ਦੱਸੇ ਜਾ ਰਹੇ ਵਿਅਕਤੀ ਦੀ ਪਛਾਣ ਤਰਨ ਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਜਗਰੂਪ ਸਿੰਘ ਵਜੋਂ ਹੋਈ ਹੈ। ਉਹ ਤਰਨ ਤਾਰਨ ਦੇ ਇੱਕ ਪ੍ਰਸਿੱਧ ਪਿੰਡ ਦਾ ਵਸਨੀਕ ਸੀ। ਇਸ ਧਮਾਕੇ ਦੌਰਾਨ ਉਸਦਾ ਮੂੰਹ ਸਿਰ ਅਤੇ ਲੱਤਾਂ ਉੱਡ ਗਈਆਂ ਤੇ ਸਿਰਫ ਢਿੱਡ ਤੇ ਛਾਤੀ ਵਾਲਾ ਹਿੱਸਾ ਹੀ ਬਚਿਆ ਹੈ। ਪਰ ਇਸ ਦੌਰਾਨ ਹੀ ਉਸਦਾ ਮੋਬਾਈਲ ਫੋਨ ਟੁੱਟਣੋ ਬਚ ਗਿਆ। ਜਿਸ ਤੋਂ ਹੀ ਉਸਦੀ ਸ਼ਨਾਖਤ ਹੋਈ ਦੱਸੀ ਜਾ ਰਹੀ ਹੈ। ਬਾਕੀ ਪੁਲੀਸ ਵੱਲੋਂ ਤਹਿਕੀਕਾਤ ਕੀਤੀ ਜਾ ਰਹੀ ਹੈ।
ਪੁਲੀਸ ਦਾ ਬਿਆਨ
ਉਧਰ ਰਾਤੀ ਸਾਢੇ ਬਾਰਾਂ ਵਜੇ ਘਟਨਾ ਸਥਾਨ ’ਤੇ ਪਟਿਆਲਾ ਤੋਂ ਪਹੁੰਚੀ ਫੋਰੈਸਿਕ ਟੀਮ ਨੇ ਨਮੂਨੇ ਲੈ ਕੇ ਅਗਲੇਰੀ ਕਾਰਵਾਈ ਲਈ ਲੈਬ ਵਿੱਚ ਭੇਜ ਦਿੱਤੇ ਸਨ।ਸ਼ੰਭੂ ਰੇਲਵੇ ਲਾਈਨ ’ਤੇ ਰਾਤ ਕੀਤੇ ਗਏ ਬੰਬ ਧਮਾਕੇ ਵਿੱਚ ਸ਼ਾਮਲ ਮੁਲਜ਼ਮ ਪੁਲੀਸ ਵੱਲੋਂ ਟਰੇਸ ਕਰ ਲਏ ਗਏ ਹਨ। ਪਰ ਇਸ ਦਾ ਖੁਲਾਸਾ ਢਾਈ ਵਜੇ ਐਸਐਸਪੀ ਵਰੁਣ ਸ਼ਰਮਾ ਪ੍ਰੈਸ ਕਾਨਫਰੰਸ ਦੌਰਾਨ ਕਰਨਗੇ । ਇਹ ਵੀ ਪਤਾ ਲੱਗਾ ਕਿ ਇਸ ਘਟਨਾ ਦੌਰਾਨ ਮਾਰੇ ਗਏ ਜਗਰੂਪ ਸਿੰਘ ਦੇ ਭਰਾ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਸ ਵਾਰਦਾਤ ਵਿੱਚ ਲਿਆ ਉਸਦੀ ਕੋਈ ਭੂਮਿਕਾ ਹੈ ਜਾਂ ਨਹੀਂ ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੋਈ। ਰੇਲਵੇ ਪੁਲੀਸ ਵੱਲੋਂ ਰੇਲਵੇ ਐਕਟ ਦੀ ਧਾਰਾ 150 ਅਤੇ ਵਿਸਫੋਟਕ ਐਕਟ ਦੀ ਧਾਰਾ 3 ਅਤੇ 4 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
