ਲੁਧਿਆਣਾ ਦੀ ਗੁਰੂ ਅੰਗਦ ਦੇਵ ਕਲੋਨੀ ਵਿੱਚ ਪ੍ਰਾਪਰਟੀ ਵੇਚਣ ਦੇ ਨਾਂ ‘ਤੇ 10 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਪੂਰੀ ਪੜਤਾਲ ਤੋਂ ਬਾਅਦ ਕੁਝ ਵਿਅਕਤੀਆਂ ਦੇ ਖਿਲਾਫ ਧੋਖਾਧੜੀ ਅਮਾਨਤ ਵਿੱਚ ਖਿਆਨਤ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਗੁਰੂ ਅੰਗਦ ਦੇਵ ਕਲੋਨੀ ਦੇ ਵਾਸੀ ਸੰਦੀਪ ਪਾਲ ਸਿੰਘ ਦੱਸਿਆ ਕਿ 11 ਜੂਨ 2019 ਨੂੰ ਦੋਸ਼ੀਆਂ ਨੇ ਪ੍ਰਾਪਰਟੀ ਵੇਚਣ ਦਾ ਝਾਂਸਾ ਦੇ ਕੇ ਉਸ ਨਾਲ ਸੰਪਰਕ ਕੀਤਾ। ਦੋਸ਼ੀਆਂ ਨੇ ਯੋਜਨਾਬੱਧ ਢੰਗ ਨਾਲ ਉਸਨੂੰ ਯਕੀਨ ਦਿਵਾਇਆ ਕਿ ਉਹ ਉਸਨੂੰ ਵਧੀਆ ਜਾਇਦਾਦ ਮੁਹੱਈਆ ਕਰਵਾ ਦੇਣਗੇ। ਇਸ ਸਾਜ਼ਿਸ਼ ਦੇ ਤਹਿਤ ਦੋਸ਼ੀ ਦੀਪਕ ਤਿਕਿਆਰ , ਉਸਦੀ ਪਤਨੀ ਨੀਤਿਕਾ ਤਿਕਿਆਰ ਅਤੇ ਜਨਤਾ ਨਗਰ ਦੇ ਵਾਸੀ ਜਸਮੀਤ ਸਿੰਘ ਨੇ ਉਸ ਕੋਲੋਂ 10 ਲੱਖ ਰੁਪਏ ਹਾਸਲ ਕਰ ਲਏ।
ਮੁਲਜ਼ਮਾਂ ਨੇ ਇਸ ਕਦਰ ਜਾਲ ਬੁਣਿਆ ਕਿ ਸ਼ਿਕਾਇਤ ਕਰਤਾ ਉਹਨਾਂ ਦੇ ਝਾਂਸੇ ਵਿੱਚ ਫਸ ਗਿਆ। ਮੁਲਜ਼ਮਾਂ ਨੇ ਫਰਜ਼ੀ ਕਿਰਾਇਆਨਾਮਾ ਤਿਆਰ ਕੀਤਾ, ਜਿਸ ਨਾਲ ਉਹਨਾਂ ਨੇ ਸ਼ਿਕਾਇਤਕਰਤਾ ਨੂੰ ਗੁੰਮਰਾਹ ਕੀਤਾ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਰਕਮ ਹਾਸਲ ਕਰਨ ਤੋਂ ਬਾਅਦ ਦੋਸ਼ੀਆਂ ਨੇ ਨਾ ਤਾਂ ਕੋਈ ਪ੍ਰਾਪਰਟੀ ਦਿੱਤੀ ਅਤੇ ਨਾ ਹੀ ਰਕਮ ਵਾਪਸ ਕੀਤੀ। ਇਸ ਤਰ੍ਹਾਂ ਦੋਸ਼ੀਆਂ ਨੇ ਅਮਾਨਤ ਵਿੱਚ ਖ਼ਿਆਨਤ ਕਰਦੇ ਹੋਏ ਧੋਖਾਧੜੀ ਨੂੰ ਅੰਜਾਮ ਦਿੱਤਾ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਜੋਹਨ ਪੀਟਰ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
