ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿਚ ਬਦਲੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ | ਪੰਜਾਬ ਸਰਕਾਰ ਵਲੋਂ ਪੁਲਿਸ ਵਿਭਾਗ ਵਿਚ ਵੱਡਾ ਫੇਰਬਦਲ ਅਤੇ ਨਿਯੁਕਤੀ ਕੀਤੀ ਗਈ ਹੈ, ਜਿਸ ਵਿਚ ਗੁਰਪ੍ਰੀਤ ਕੌਰ ਦਿਓ ਐਡੀਸ਼ਨਲ ਡੀ.ਜੀ.ਪੀ. ਨੂੰ ਪੰਜਾਬ ਪੁਲਿਸ ਵਿਭਾਗ ਦਾ ਨਵਾਂ ਚੀਫ਼ ਵਿਜੀਲੈਂਸ ਅਫ਼ਸਰ ਨਿਯੁਕਤ ਕੀਤਾ ਗਿਆ ਹੈ, ਇਹ ਚਾਰਜ ਪਹਿਲਾਂ ਈਸ਼ਵਰ ਸਿੰਘ ਕੋਲ ਸੀ, ਜੋ ਇਸ ਵੇਲੇ ਚੀਫ਼ ਡਾਇਰੈਕਟਰ ਵਿਜੀਲੈਂਸ ਵਜੋਂ ਕੰਮ ਕਰ ਰਹੇ ਹਨ | ਈਸ਼ਵਰ ਸਿੰਘ ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ ਵਜੋਂ ਕੰਮ ਕਰਦੇ ਰਹਿਣਗੇ ਅਤੇ ਉਨ੍ਹਾਂ ਕੋਲੋਂ ਸਿਰਫ਼ ਪੁਲਿਸ ਵਿਭਾਗ ਦੇ ਚੀਫ਼ ਵਿਜੀਲੈਂਸ ਅਫ਼ਸਰ ਦਾ ਚਾਰਜ ਲੈ ਕੇ ਐਡੀਸ਼ਨਲ ਡੀ.ਜੀ.ਪੀ. ਪੁਲਿਸ ਪ੍ਰਸ਼ਾਸਨ ਗੁਰਪ੍ਰੀਤ ਕੌਰ ਦਿਓ ਨੂੰ ਦਿੱਤਾ ਗਿਆ ਹੈ, ਕਿਉਂਕਿ ਪਹਿਲਾਂ ਵੀ ਇਹ ਚਾਰਜ ਏ.ਡੀ.ਜੀ.ਪੀ. ਪੁਲਿਸ ਪ੍ਰਸ਼ਾਸਨ ਕੋਲ ਰਿਹਾ ਹੈ | ਇਸ ਤੋਂ ਇਲਾਵਾ ਪ੍ਰਬੋਧ ਕੁਮਾਰ ਆਈ.ਪੀ.ਐੱਸ. ਨੂੰ ਸਪੈਸ਼ਲ ਡੀ.ਜੀ.ਪੀ. ਇਨਵੈਸਟੀਗੇਸ਼ਨ ਲੋਕਪਾਲ, ਪੰਜਾਬ ਚੰਡੀਗੜ੍ਹ ਤੋਂ ਬਦਲ ਕੇ ਸਪੈਸ਼ਲ ਡੀ.ਜੀ.ਪੀ. ਇੰਟੈਲੀਜੈਂਸ ਪੰਜਾਬ ਲਗਾਇਆ ਗਿਆ ਹੈ | ਇਸ ਦੇ ਨਾਲ ਹੀ ਐੱਸ.ਐੱਸ. ਸ੍ਰੀਵਾਸਤਵਾ ਆਈ.ਪੀ.ਐੱਸ. ਨੂੰ ਏ.ਡੀ.ਜੀ.ਪੀ. ਟਰੈਫਿਕ ਪੰਜਾਬ ਤੋਂ ਬਦਲ ਕਿ ਏ.ਡੀ.ਜੀ.ਪੀ. ਇੰਟੈਲੀਜੈਂਸ ਪੰਜਾਬ ਅਤੇ ਅਮਰਦੀਪ ਸਿੰਘ ਰਾਏ ਨੂੰ ਏ.ਡੀ.ਜੀ.ਪੀ. ਇੰਟੈਲੀਜੈਂਸ ਪੰਜਾਬ ਤੋਂ ਬਦਲ ਕੇ ਏ.ਡੀ.ਜੀ.ਪੀ. ਟਰੈਫਿਕ ਪੰਜਾਬ ਲਗਾਇਆ ਗਿਆ ਹੈ |
