ਲੁਧਿਆਣਾ ਚੋਰੀ ਦੀਆਂ ਲਾਈਵ ਤਸਵੀਰਾਂ ਦੇਖ ਕੇ ਕੋਰੀਅਰ ਕੰਪਨੀ ਦੇ ਹੈਡ ਆਫਿਸ ਨੇ ਲੁਧਿਆਣਾ ਦੇ ਇੰਚਾਰਜ ਨਾਲ ਸੰਪਰਕ ਕੀਤਾ। ਸੂਚਨਾ ਮਿਲਦੇ ਹੀ ਮੈਨੇਜਰ ਕੰਪਨੀ ਦੇ ਦਫਤਰ ਵੱਲ ਨਿਕਲਿਆ, ਪਰ ਜਦੋਂ ਤੱਕ ਉਹ ਦਫਤਰ ਵਿਚ ਪਹੁੰਚਿਆ ਚੋਰ ਨਕਦੀ ਤੇ ਹੱਥ ਸਾਫ ਕਰਕੇ ਫਰਾਰ ਹੋ ਚੁੱਕੇ ਸਨ। ਚੋਰੀ ਦੇ ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਕੋਰੀਅਰ ਕੰਪਨੀ ਦੇ ਮੈਨੇਜਰ ਜਸਜੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸੇਠੀ ਕੁਮਾਰ ਨੇ ਦੱਸਿਆ ਕਿ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਪਰ ਚੋਰ ਨਕਾਬਪੋਸ਼ ਸਨ ਜਿਸ ਦੇ ਚਲਦੇ ਉਨ੍ਹਾਂ ਦੀ ਸ਼ਨਾਖਤ ਨਹੀਂ ਹੋ ਸਕੀ। ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸਾਵਨ ਵਿਹਾਰ ਭਾਮੀਆਂ ਰੋਡ ਦੇ ਰਹਿਣ ਵਾਲੇ ਜਸਜੀਤ ਸਿੰਘ ਨੇ ਦੱਸਿਆ ਕਿ ਉਹ ਐਨਆਰਆਈ ਥਾਣੇ ਦੇ ਕੋਲ ਪੈਂਦੇ 39 ਸੈਕਟਰ ਦੀ ਇੱਕ ਕੋਰੀਅਰ ਕੰਪਨੀ ਵਿਚ ਬਤੌਰ ਇੰਚਾਰਜ ਕੰਮ ਕਰਦਾ ਹੈ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦੀ ਕੰਪਨੀ ਵਿਚ ਕੋਈ ਵੀ ਸਿਕਿਉਰਟੀ ਗਾਰਡ ਤੈਨਾਤ ਨਹੀਂ ਹੈ। ਕੰਪਨੀ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਿੱਧੀ ਹੈੱਡ ਆਫਿਸ ਜਾਂਦੀ ਹੈ। ਬੀਤੀ ਦੇਰ ਰਾਤ ਜਸਜੀਤ ਸਿੰਘ ਨੂੰ ਕੰਪਨੀ ਦੇ ਹੈਡ ਆਫਿਸ ਤੋਂ ਫੋਨ ਆਇਆ। ਕੰਪਨੀ ਦੇ ਅਧਿਕਾਰੀ ਦੀ ਗੱਲ ਸੁਣ ਕੇ ਜਸਜੀਤ ਸਿੰਘ ਦੇ ਹੋਸ਼ ਉੱਡ ਗਏ। ਉਸ ਨੇ ਦੱਸਿਆ ਕਿ ਕੰਪਨੀ ਵਿਚ ਚੋਰੀ ਹੋ ਰਹੀ ਹੈ ਅਤੇ ਉਸ ਦੀਆਂ ਲਾਈਵ ਤਸਵੀਰਾਂ ਹੈਡ ਆਫਿਸ ਵਿਚ ਆ ਰਹੀਆਂ ਹਨ। ਅਧਿਕਾਰੀ ਦੀ ਗੱਲ ਸੁਣ ਕੇ ਜਗਜੀਤ ਸਿੰਘ ਤੁਰੰਤ ਕੰਪਨੀ ਦੇ ਦਫਤਰ ਵੱਲ ਭੱਜਿਆ। ਜਦੋਂ ਤੱਕ ਇੰਚਾਰਜ ਕੰਪਨੀ ਦੇ ਦਫਤਰ ਪਹੁੰਚਿਆ ਚੋਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਸਨ। ਜਾਂਚ ਕਰਨ ’ਤੇ ਪਤਾ ਲੱਗਾ ਕਿ ਸ਼ਾਤਰ ਚੋਰ ਦਫਤਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਲਾਕਰ ’ਚੋਂ ਸਵਾ 2 ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ। ਮੌਕੇ ’ਤੇ ਪਹੁੰਚੇ ਥਾਣਾ ਮੋਤੀ ਨਗਰ ਦੇ ਤਫਤੀਸ਼ੀ ਅਫਸਰ ਸੇਠੀ ਕੁਮਾਰ ਨੇ ਜਦ ਫੁਟੇਜ ਚੈੱਕ ਕੀਤੀ, ਤਾਂ ਸਾਹਮਣੇ ਆਇਆ ਇਹ ਦੇਰ ਦੋ ਨਕਾਬ ਪੋਸ਼ ਬਦਮਾਸ਼ ਤਾਲੇ ਤੋੜ ਕੇ ਕੰਪਨੀ ਦੇ ਅੰਦਰ ਦਾਖਲ ਹੋਏ ਸਨ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਐੱਫਆਈਆਰ ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।
