ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ‘ਚ ਹੁਣ ਤੱਕ 422 ਓਮੀਕਰੋਨ ਦੇ ਕੇਸਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਇਨ੍ਹਾਂ ‘ਚੋਂ 130 ਲੋਕ ਠੀਕ ਹੋ ਗਏ ਹਨ ਜਾਂ ਪਰਵਾਸ ਕਰ ਗਏ ਹਨ | ਮਹਾਰਾਸ਼ਟਰ ‘ਚ ਸਭ ਤੋਂ ਵੱਧ 108 ਓਮੀਕਰੋਨ ਦੇ ਕੇਸ ਦਰਜ ਕੀਤੇ ਗਏ ਹਨ, ਇਸ ਤੋਂ ਬਾਅਦ ਦਿੱਲੀ ‘ਚ 79, ਗੁਜਰਾਤ ‘ਚ 43, ਤੇਲੰਗਾਨਾ ‘ਚ 41, ਕੇਰਲ ‘ਚ 38, ਤਾਮਿਲਨਾਡੂ ‘ਚ 34 ਅਤੇ ਕਰਨਾਟਕ ‘ਚ 31 ਹਨ | ਮੰਤਰਾਲੇ ਨੇ ਦੱਸਿਆ ਕਿ 6,987 ਹੋਰ ਲੋਕਾਂ ਦੇ ਕੋਰੋਨਾ ਪਾਜ਼ੀਟਿਵ ਹੋ ਜਾਣ ਨਾਲ ਦੇਸ਼ ‘ਚ ਮਹਾਂਮਾਰੀ ਤੋਂ ਪੀੜਤਾਂ ਦਾ ਕੁੱਲ ਅੰਕੜਾ 3,47,86,802 ਹੋ ਗਿਆ ਹੈ, ਜਦੋਂਕਿ 162 ਨਵੀਆਂ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 4,79,862 ਹੋ ਗਈ ਹੈ | ਮੰਤਰਾਲੇ ਨੇ ਕਿਹਾ ਕਿ ਕੋਵਿਡ-19 ਦੇ ਸਰਗਰਮ ਮਾਮਲਿਆਂ ਦੀ ਗਿਣਤੀ ਘਟ ਕੇ 76,766 ਰਹਿ ਗਈ ਹੈ, ਜੋ ਕਿ ਕੁੱਲ ਸੰਕਰਮਣਾਂ ਦਾ 0.22 ਫ਼ੀਸਦੀ ਹੈ, ਜੋ ਮਾਰਚ 2020 ਤੋਂ ਬਾਅਦ ਸਭ ਤੋਂ ਘੱਟ ਹੈ | ਰਾਸ਼ਟਰੀ ਕੋਵਿਡ-19 ਸਿਹਤਯਾਬੀ ਦਰ 98.40 ਫ਼ੀਸਦੀ ਹੈ, ਜੋ ਮਾਰਚ 2020 ਤੋਂ ਬਾਅਦ ਸਭ ਤੋਂ ਉੱਚੀ ਹੈ | ਮੰਤਰਾਲੇ ਨੇ ਦੱਸਿਆ ਕਿ ਮਹਾਂਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 3,42,30,354 ਹੋ ਗਈ ਹੈ, ਜਦੋਂਕਿ ਕੇਸਾਂ ਦੀ ਮੌਤ ਦਰ 1.38 ਫ਼ੀਸਦੀ ਦਰਜ ਕੀਤੀ ਗਈ ਹੈ | ਦੇਸ਼ ਵਿਆਪੀ ਕੋਵਿਡ-19 ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਦੇਸ਼ ‘ਚ ਸੰਚਤ ਖੁਰਾਕਾਂ ਦੀ ਗਿਣਤੀ 141.37 ਕਰੋੜ ਤੋਂ ਵੱਧ ਗਈ ਹੈ |
