ਅਮਰੀਕਾ ਦੇ ਵਾਸ਼ਿੰਗਟਨ ਦੇ ਲਿਨਵੁੱਡ ‘ਚ ਇਕ ਅਣਪਛਾਤੇ ਵਿਅਕਤੀ ਨੇ ਗੈਸ ਸਟੇਸ਼ਨ ‘ਤੇ ਕੰਮ ਕਰਦੇ ਇਕ ਸਿੱਖ ਬਜ਼ੁਰਗ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਮਿ੍ਤਕ ਦੀ ਪਛਾਣ ਤੇਜਪਾਲ ਸਿੰਘ (60) ਵਜੋਂ ਹੋਈ ਹੈ | ਪੁਲਿਸ ਅਨੁਸਾਰ ਇਹ ਘਟਨਾ ਲਿਨਵੁੱਡ ‘ਚ 148ਵੀਂ ਸਟਰੀਟ ‘ਤੇ ਸਟੇਟ ਹਾਈਵੇਅ 99 ਦੇ ਅੰਦਰੂਨੀ ਹਿੱਸੇ ਨੇੜੇ ਵਾਪਰੀ | ਪੁਲਿਸ ਮੁਖੀ ਦੇ ਦਫ਼ਤਰ ਅਨੁਸਾਰ ਸ਼ੱਕੀ ਹਮਲਾਵਰ ਸਟੋਰ ‘ਚ ਦਾਖਲ ਹੋਇਆ ਤੇ ਮੁਲਾਜ਼ਮ ਉਪਰ ਗੋਲੀ ਚਲਾ ਦਿੱਤੀ, ਜਿਸ ਦੀ ਮੌਕੇ ਉਪਰ ਹੀ ਮੌਤ ਹੋ ਗਈ | ਗੋਲੀ ਮਾਰਨ ਉਪਰੰਤ ਉਹ ਘਟਨਾ ਸਥਾਨ ਤੋਂ ਫਰਾਰ ਹੋ ਗਿਆ | ਪੁਲਿਸ ਦਾ ਮੰਨਣਾ ਹੈ ਕਿ ਹਮਲਾਵਰ ਲੁੱਟਮਾਰ ਦੇ ਇਰਾਦੇ ਨਾਲ ਸਟੋਰ ‘ਚ ਦਾਖਲ ਹੋਇਆ ਸੀ | ਪੁਲਿਸ ਨੇ ਸ਼ੱਕੀ ਦੀ ਗਿ੍ਫ਼ਤਾਰੀ ਲਈ ਲੋਕਾਂ ਕੋਲੋਂ ਮਦਦ ਮੰਗੀ ਹੈ | ‘ਗੋ ਫੰਡ ਮੀ ਪੇਜ’ ਅਨੁਸਾਰ ਤੇਜਪਾਲ ਇਕ ਇਮਾਨਦਾਰ ਤੇ ਖੁਸ਼ਦਿਲ ਵਿਅਕਤੀ ਸੀ | ਉਸ ਦਾ ਪਿਛੋਕੜ ਜਲੰਧਰ ਜ਼ਿਲ੍ਹੇ ਦਾ ਹੈ ਤੇ ਉਹ 1986 ‘ਚ ਅਮਰੀਕਾ ਆਇਆ ਸੀ | ਉਸ ਦੇ ਅੰਤਿਮ ਸੰਸਕਾਰ ਤੇ ਪਰਿਵਾਰ ਦੀ ਮਦਦ ਲਈ 60215 ਡਾਲਰ ਫੰਡ ਜੁਟਾਇਆ ਗਿਆ ਹੈ | ਉਹ ਆਪਣੇ ਪਿੱਛੇ ਪਤਨੀ ਤੇ 3 ਬੱਚੇ ਛੱਡ ਗਿਆ ਹੈ |
