ਹੋਲੇ ਮਹੱਲੇ ਦੀ ਆਰੰਭਤਾ ਵੀਰਵਾਰ ਤੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਤੀ ਜਾਵੇਗੀ। 17 ਤੋਂ 19 ਮਾਰਚ ਤਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਇਹ ਤਿਉਹਾਰ ਮਨਾਇਆ ਜਾਵੇਗਾ। ਇਸ ਸਬੰਧੀ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ। ਸੰਗਤਾਂ ਹੁਣ ਤੋਂ ਹੀ ਵੱਡੀ ਗਿਣਤੀ ਵਿਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰੂ ਘਰਾਂ ਵਿਚ ਦਰਸ਼ਨ ਦੀਦਾਰੇ ਕਰ ਰਹੀਆਂ ਹਨ।
ਹੋਲੇ ਮਹੱਲੇ ਦੇ ਪਹਿਲੇ ਤੇ ਦੂਜੇ ਦਿਨ ਗਤਕੇ ਮੁਕਾਬਲੇ ਕਰਵਾਏ ਜਾਣਗੇ। ਨਿਹੰਗ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ ਵਿਖੇ ਇਹ ਮੁਕਾਬਲੇ ਹੋਣਗੇ ਜਿਸ ਵਿਚ ਗਤਕੇ ਦੇ ਜੌਹਰ ਦਿਖਾਏ ਜਾਣਗੇ ਤੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 17 ਮਾਰਚ ਰਾਤ ਨੂੰ ਬਸੰਤ ਕੀਰਤਨ ਸਮਾਗਮ ਹੋਵੇਗਾ ਜਿਸ ਵਿਚ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੀਰਤਨੀ ਜਥਿਆਂ ਦੇ ਨਾਲ ਕੌਮੀ ਰਾਗੀ ਵੀ ਹਾਜ਼ਰੀਆਂ ਭਰਨਗੇ।
ਦਸਮ ਪਾਤਸ਼ਾਹ ਦਾ ਕਵੀਆਂ ਦੇ ਨਾਲ ਬਹੁਤ ਪਿਆਰ ਸੀ। ਇਸ ਨੂੰ ਅੱਗੇ ਤੋਰਦਿਆਂ ਤਖਤ ਸਾਹਿਬ ਵਿਖੇ 18 ਮਾਰਚ ਨੂੰ ਕਵੀ ਦਰਬਾਰ ਹੋਵੇਗਾ। 19 ਮਾਰਚ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਢਾਡੀ ਦਰਬਾਰ ਕਰਵਾਇਆ ਜਾਵੇਗਾ। ਹੋਲੇ ਮਹੱਲੇ ਦੇ ਤਿੰਨੇ ਦਿਨ 17 ਤੋਂ 19 ਮਾਰਚ ਤਕ ਲਗਾਤਾਰ ਤਖਤ ਸਾਹਿਬ ਵਿਖੇ ਅੰਮਿ੍ਤ ਸੰਚਾਰ ਸਮਾਗਮ ਹੋਣਗੇ। ਹੋਲੇ ਮਹੱਲੇ ਦੀ ਸ਼ਾਨ ਮੰਨੇ ਜਾਂਦੇ ਮਹੱਲਾ ਨੂੰ 19 ਮਾਰਚ ਦੁਪਹਿਰ 12 ਵਜੇ ਸਜਾਇਆ ਜਾਵੇਗਾ।
