ਫ਼ਰੀਦਕੋਟ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਨੇ ਥਾਣਾ ਜੈਤੋ ਵਿਖੇ ਤਾਇਨਾਤ ਇੱਕ ਕਾਂਸਟੇਬਲ ਵਿਕਰਮ ਸ਼ਰਮਾ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਸ਼ੁੱਕਰਵਾਰ ਰਾਤ ਨੂੰ ਜੈਤੋ ਦੀ ਸਾਦਾ ਪੱਤੀ ਨਿਵਾਸੀ ਗੁਰਨੂਰ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਆਪਣੇ ਗੁਆਂਢੀਆਂ ਨਾਲ ਝਗੜਾ ਹੋਇਆ ਸੀ, ਜਿਸ ਕਾਰਨ 23 ਅਪ੍ਰੈਲ ਨੂੰ ਉਸਨੂੰ ਉਸਦੀ ਆਲਟੋ ਕਾਰ ਸਮੇਤ ਥਾਣਾ ਜੈਤੋ ਲਿਆਂਦਾ ਗਿਆ ਸੀ। ਬਾਅਦ ਵਿੱਚ ਆਪਸੀ ਸਮਝੌਤੇ ਤੋਂ ਬਾਅਦ ਉਸਨੂੰ ਤਾਂ ਛੱਡ ਦਿੱਤਾ ਗਿਆ, ਪਰ ਉਸਦੀ ਕਾਰ ਥਾਣੇ ਵਿੱਚ ਹੀ ਖੜ੍ਹੀ ਰਹੀ।
ਇਸ ਝਗੜੇ ਦੀ ਜਾਂਚ ਕਰਨ ਵਾਲੇ ਕਾਂਸਟੇਬਲ ਵਿਕਰਮ ਸ਼ਰਮਾ ਨੇ ਕਾਰ ਛੱਡਣ ਦੇ ਬਦਲੇ 5000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਫ਼ਰੀਦਕੋਟ ਦੀ ਇੰਸਪੈਕਟਰ ਅਮਨਦੀਪ ਕੌਰ ਦੀ ਅਗਵਾਈ ਹੇਠ ਟੀਮ ਨੇ ਜਾਲ ਵਿਛਾ ਕੇ ਮੁਲਜ਼ਮ ਨੂੰ 24 ਅਪ੍ਰੈਲ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਮੁਲਜ਼ਮ ਖ਼ਿਲਾਫ਼ ਥਾਣਾ ਵਿਜੀਲੈਂਸ ਫਿਰੋਜ਼ਪੁਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
