ਡੇਰਾ ਮੁਖੀ ਖ਼ਿਲਾਫ਼ ਜਾਰੀ ਪ੍ਰੋਡਕਸ਼ਨ ਵਾਰੰਟ ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀਰਵਾਰ ਨੂੰ ਗੁਰਮੀਤ ਰਾਮ ਰਹੀਮ ਨੂੰ ਵੱਡੀ ਰਾਹਤ ਦਿੰਦੇ ਹੋਏ ਪ੍ਰੋਡਕਸ਼ਨ ਵਾਰੰਟ ‘ਤੇ 21 ਅਪ੍ਰੈਲ ਤੱਕ ਰੋਕ ਲਗਾ ਦਿੱਤੀ ਹੈ | ਮਾਮਲੇ ‘ਚ ਹਾਈਕੋਰਟ ਨੇ ਹੁਕਮ ਦਿੱਤਾ ਕਿ ਇਸ ਮਾਮਲੇ ‘ਚ ਸਰਕਾਰ ਨੇ ਜੋ ਵੀ ਜਾਂਚ ਕਰਨੀ ਹੈ, ਉਹ ਸੁਨਾਰੀਆ ਜੇਲ੍ਹ ‘ਚ ਜਾ ਕੇ ਹੀ ਕਰਨੀ ਹੋਵੇਗੀ, ਜਿਥੇ ਡੇਰਾ ਮੁਖੀ ਕੈਦ ਹੈ | ਹਾਲਾਂਕਿ ਮਾਮਲੇ ‘ਚ ਪੰਜਾਬ ਸਰਕਾਰ ਵਲੋਂ ਹੀ ਜਵਾਬ ਦਾਖ਼ਲ ਕਰਨ ਲਈ ਸਮੇਂ ਦੀ ਮੰਗ ਕੀਤੀ ਗਈ ਸੀ, ਜਿਸ ‘ਤੇ ਅਦਾਲਤ ਨੇ ਸੁਣਵਾਈ ਹੁਣ 3 ਮਹੀਨੇ ਅੱਗੇ ਪਾ ਦਿੱਤੀ ਹੈ | ਸੁਣਵਾਈ ਦੌਰਾਨ ਹਾਈਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ‘ਚ ਸੁਰੱਖਿਆ ਇੰਤਜ਼ਾਮਾਂ ‘ਚ ਖਾਮੀ ਨੂੰ ਵੀ ਧਿਆਨ ‘ਚ ਰੱਖਿਆ | ਹਾਈਕੋਰਟ ਨੇ ਕਿਹਾ ਕਿ ਕੱਲ੍ਹ ਜੋ ਹੋਇਆ, ਉਹ ਹਾਲਾਤ ਤਾਂ ਸੰਭਾਲੇ ਨਹੀਂ ਗਏ, ਹੁਣ ਜੇ ਡੇਰਾ ਮੁਖੀ ਨੂੰ ਇਥੇ ਲਿਆਇਆ ਗਿਆ ਤਾਂ ਸਰਕਾਰ ਕਿਵੇਂ ਹਾਲਾਤ ਨੂੰ ਸੰਭਾਲੇਗੀ | ਵਰਨਣਯੋਗ ਹੈ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਤੇ ਵਿਵਾਦਤ ਪੋਸਟਰ ਲਗਾਉਣ ਦੀਆਂ ਘਟਨਾਵਾਂ ‘ਚ ਡੇਰਾ ਸਿਰਸਾ ਦੇ ਛੇ ਪੈਰੋਕਾਰਾਂ ਖਿਲਾਫ਼ ਕੇਸ ਚੱਲ ਰਿਹਾ ਹੈ |
