ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਐਤਵਾਰ ਨੂੰ ਹੋਣ ਵਾਲੀ ਸਰਬਪਾਰਟੀ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ | ਹਲਕਿਆਂ ਮੁਤਾਬਿਕ 29 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਇਜਲਾਸ ਤੋਂ ਪਹਿਲਾਂ ਐਤਵਾਰ 28 ਨਵੰਬਰ ਨੂੰ ਸਵੇਰੇ 11 ਵਜੇ ਸਰਬ ਪਾਰਟੀ ਮੀਟਿੰਗ ਸੱਦੀ ਜਾਵੇਗੀ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਕਰਨਗੇ | 19 ਨਵੰਬਰ ਨੂੰ ਪ੍ਰਧਾਨ ਮੰਤਰੀ ਵਲੋਂ ਅਚਾਨਕ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਇਸ ਇਜਲਾਸ ਦੀ ਅਹਿਮੀਅਤ ਹੋਰ ਵੀ ਜ਼ਿਆਦਾ ਹੋ ਗਈ ਹੈ | ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਵੀ ਆਪਣਾ ਪ੍ਰਦਰਸ਼ਨ ਉਸ ਵੇਲੇ ਤੱਕ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ, ਜਦੋਂ ਤੱਕ ਕਾਨੂੰਨਾਂ ਦੀ ਵਾਪਸੀ ‘ਤੇ ਸੰਸਦ ਦੀ ਮੋਹਰ ਨਹੀਂ ਲੱਗ ਜਾਂਦੀ | ਇਨ੍ਹਾਂ ਕਾਨੂੰਨਾਂ ਦੀ ਵਾਪਸੀ ਬਾਰੇ ਬੁੱਧਵਾਰ ਭਾਵ 23 ਨਵੰਬਰ ਦੀ ਮੰਤਰੀ ਮੰਡਲ ਦੀ ਬੈਠਕ ‘ਚ ਫ਼ੈਸਲਾ ਲਿਆ ਜਾ ਸਕਦਾ ਹੈ | ਐਤਵਾਰ ਨੂੰ ਹੀ ਭਾਜਪਾ ਸੰਸਦੀ ਕਾਰਜਕਾਰਨੀ ਦੀ ਵੀ ਬੈਠਕ ਹੋਵੇਗੀ | ਐੱਨ.ਡੀ.ਏ. ਦੇ ਭਾਈਵਾਲਾਂ ਦੀ ਵੀ ਉਸ ਦਿਨ ਸ਼ਾਮ ਨੂੰ ਮੀਟਿੰਗ ਹੋਵੇਗੀ | ਹਲਕਿਆਂ ਮੁਤਾਬਿਕ ਪ੍ਰਧਾਨ ਮੰਤਰੀ ਇਸ ਬੈਠਕ ‘ਚ ਸ਼ਾਮਿਲ ਹੋ ਸਕਦੇ ਹਨ | ਦੂਜੇ ਪਾਸੇ ਵਿਰੋਧੀ ਧਿਰਾਂ ਵੀ ਇਜਲਾਸ ਲਈ ਸਾਂਝੀ ਰਣਨੀਤੀ ਉਲੀਕਣ ਦੀ ਤਿਆਰੀ ‘ਚ ਹਨ | ਟੀ.ਐੱਮ.ਸੀ. ਆਗੂ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਇਜਲਾਸ ਤੋਂ ਪਹਿਲਾਂ ਸੋਮਵਾਰ ਨੂੰ ਦਿੱਲੀ ਪਹੁੰਚੇ ਹਨ | ਦਿੱਲੀ ਫੇਰੀ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਉਨ੍ਹਾਂ ਦੇ ਏਜੰਡੇ ‘ਚ ਹੈ | ਜ਼ਿਕਰਯੋਗ ਹੈ ਕਿ ਸੰਸਦ ਦੇ ਮੌਨਸੂਨ ਇਜਲਾਸ ‘ਚ ਵਿਰੋਧੀ ਧਿਰਾਂ ਦੀ ਸਾਂਝੀ ਰਣਨੀਤੀ ਤਹਿਤ ਤਕਰੀਬਨ ਪੂਰਾ ਸੈਸ਼ਨ ਹੀ ਰੁਕਾਵਟਾਂ ਭਰਿਆ ਰਿਹਾ | ਹਲਕਿਆਂ ਮੁਤਾਬਿਕ ਪ੍ਰਧਾਨ ਮੰਤਰੀ ਵਲੋਂ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਕਿਸਾਨਾਂ ਦੀ ਅਗਲੀ ਮੰਗ, ਘੱਟੋਘੱਟ ਸਮਰਥਨ ਮੁੱਲ ‘ਤੇ ਕਾਨੂੰਨ ਬਣਾਉਣ ਲਈ ਸਰਕਾਰ ‘ਤੇ ਦਬਾਅ ਪਾਉਣਗੀਆਂ | ਤਿ੍ਣਮੂਲ ਕਾਂਗਰਸ ਵਲੋਂ ਤਿ੍ਪੁਰਾ ਹਿੰਸਾ ਦਾ ਮਾਮਲਾ ਜ਼ੋਰ-ਸ਼ੋਰ ਨਾਲ ਚੁੱਕਿਆ ਜਾਵੇਗਾ ਜਦਕਿ ਕਾਂਗਰਸ ਦਾ ਪੂਰਾ ਜ਼ੋਰ ਪੈਗਾਸਸ ਅਤੇ ਰਾਫ਼ੇਲ ਮਾਮਲੇ ਨੂੰ ਲੈ ਕੇ ਸਰਕਾਰ ਦੀ ਘੇਰਾਬੰਦੀ ਕਰਨ ‘ਤੇ ਹੋਵੇਗਾ |
