ਕੇਂਦਰ ਸਰਕਾਰ ਨੇ ਲੱਦਾਖ ਦੇ ਮਸ਼ਹੂਰ ਵਾਤਾਵਰਨ ਕਾਰਕੁਨ ਅਤੇ ਇੰਜੀਨੀਅਰ ਸੋਨਮ ਵਾਂਗਚੁਕ ਦੀ ਨਜ਼ਰਬੰਦੀ ਨੂੰ ਤੁਰੰਤ ਪ੍ਰਭਾਵ ਨਾਲ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਹ ਫੈਸਲਾ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਆਪਸੀ ਵਿਸ਼ਵਾਸ ਦਾ ਮਾਹੌਲ ਬਣਾਉਣ ਲਈ ਲਿਆ ਗਿਆ ਹੈ।
ਵਾਂਗਚੁਕ ਨੂੰ ਸਤੰਬਰ 2025 ਵਿੱਚ ਲੇਹ ਵਿੱਚ ਕਾਨੂੰਨ-ਵਿਵਸਥਾ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਕੌਮੀਂ ਸੁਰੱਖਿਆ ਐਕਟ (NSA) ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ, ਅਤੇ ਉਹ ਆਪਣੀ ਹਿਰਾਸਤ ਦੀ ਅੱਧੀ ਮਿਆਦ ਪੂਰੀ ਕਰ ਚੁੱਕੇ ਹਨ।
ਸਰਕਾਰ ਨੇ ਸਪੱਸ਼ਟ ਕੀਤਾ ਕਿ ਲੱਦਾਖ ਵਿੱਚ ਲਗਾਤਾਰ ਹੋ ਰਹੇ ਬੰਦ ਅਤੇ ਪ੍ਰਦਰਸ਼ਨਾਂ ਕਾਰਨ ਉੱਥੋਂ ਦੀ ਆਰਥਿਕਤਾ, ਸੈਰ-ਸਪਾਟਾ ਅਤੇ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਮਾੜਾ ਅਸਰ ਪੈ ਰਿਹਾ ਸੀ। ਗ੍ਰਹਿ ਮੰਤਰਾਲੇ ਅਨੁਸਾਰ, ਸਰਕਾਰ ਲੱਦਾਖ ਦੇ ਹਿੱਤਾਂ ਅਤੇ ਸੰਵਿਧਾਨਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਭਾਈਚਾਰਿਆਂ ਨਾਲ ਰਚਨਾਤਮਕ ਗੱਲਬਾਤ ਕਰਨ ਲਈ ਵਚਨਬੱਧ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਹੁਣ ਉੱਚ-ਪੱਧਰੀ ਕਮੇਟੀ ਰਾਹੀਂ ਲੱਦਾਖ ਦੇ ਭਖਦੇ ਮਸਲਿਆਂ ਦਾ ਹੱਲ ਕੱਢਿਆ ਜਾਵੇਗਾ, ਜਿਸ ਨਾਲ ਸਰਹੱਦੀ ਖੇਤਰ ਵਿੱਚ ਮੁੜ ਤੋਂ ਆਮ ਸਥਿਤੀ ਬਹਾਲ ਹੋ ਸਕੇਗੀ।