ਲੰਬੀ ਬੀਮਾਰੀ ਨਾਲ ਜੂਝਣ ਤੋਂ ਬਾਅਦ ਬੀਤੀ ਰਾਤ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹਨਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਆਖ਼ਰੀ ਸਾਹ ਲਿਆ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਸਾਹ ਦੀ ਤਕਲੀਫ਼ ਹੋਣ ਕਾਰਨ ਫੋਰਟਿਸ ਹਸਪਤਾਲ ਦੇ ਆਈ.ਸੀ.ਯੂ. ‘ਚ ਸਿਫ਼ਟ ਕੀਤਾ ਗਿਆ ਸੀ।

ਸਾਬਕਾ ਮੁੱਖ ਮੰਤਰੀ ਬਾਦਲ ਦੇ ਦੇਹਾਂਤ ‘ਤੇ ਦੇਸ਼ ਦੇ ਦਿੱਗਜ ਨੇਤਾਵਾਂ ਨੇ ਸੋਗ ਪ੍ਰਗਟ ਕੀਤਾ ਹੈ। ਉਥੇ ਹੀ ਹੁਣ ਸੂਤਰਾਂ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨਾਂ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ 12 ਵਜੇ ਚੰਡੀਗੜ੍ਹ ਪਹੁੰਚਣਗੇ। ਸ. ਬਾਦਲ ਦੀ ਮ੍ਰਿਤਕ ਦੇਹ ਅੱਜ ਸਵੇਰੇ 10 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਸੈਕਟਰ-28, ਚੰਡੀਗੜ੍ਹ ਵਿਖੇ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ।

ਇਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਉਨ੍ਹਾਂ ਦੇ ਮੁਕਤਸਰ ਜ਼ਿਲ੍ਹੇ ’ਚ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਤੱਕ ਜਾਏਗੀ। ਇਹ ਯਾਤਰਾ ਰਾਜਪੁਰਾ, ਪਟਿਆਲਾ, ਸੰਗਰੂਰ, ਬਰਨਾਲਾ, ਰਾਮਪੁਰਾ ਫੂਲ ਬਠਿੰਡਾ ਤੋਂ ਹੁੰਦੀ ਹੋਈ ਬਾਦਲ ਪਿੰਡ ਪਹੁੰਚੇਗੀ, ਜਿੱਥੇ 27 ਅਪ੍ਰੈਲ ਵੀਰਵਾਰ ਨੂੰ ਦੁਪਹਿਰ 1 ਵਜੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਸਰਪੰਚ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਸ. ਬਾਦਲ ਪੰਜਾਬ ਦੀ ਸਿਆਸਤ ਵਿਚ ਇਕ ਮੁੱਖ ਚਿਹਰਾ ਰਹੇ। ਪ੍ਰਧਾਨ ਮੰਤਰੀ ਮੋਦੀ ਨੇ ਸ. ਬਾਦਲ ਦੇ ਦਿਹਾਂਤ ‘ਤੇ ਟਵੀਟ ਕਰ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਬਾਦਲ ਦੇ ਦਿਹਾਂਤ ਨਾਲ ਬਹੁਤ ਦੁੱਖ ਹੋਇਆ। ਉਹ ਭਾਰਤੀ ਸਿਆਸਤ ਦੀ ਇਕ ਮਹਾਨ ਸ਼ਖ਼ਸੀਅਤ ਅਤੇ ਇਕ ਉੱਘੇ ਰਾਜਨੇਤਾ ਸਨ।
