ਅੰਮ੍ਰਿਤਸਰ ਵਿੱਚ ਸਥਾਨਕ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਗੋਲੀਆਂ ਮਾਰੀਆਂ ਗਈਆਂ, ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ।
ਸ਼ਹਿਰ ਦੇ ਗੋਪਾਲ ਮੰਦਿਰ ਬਾਹਰ ਉਨ੍ਹਾਂ ਉੱਤੇ ਹਮਲਾ ਹੋਇਆ। ਉਹ ਹਮਲੇ ਤੋਂ ਪਹਿਲਾਂ ਧਰਨੇ ਉੱਤੇ ਬੈਠੇ ਹੋਏ ਸਨ।
ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਮੁਤਾਬਕ ਉਨ੍ਹਾਂ ਨਾਲ ਕਿਸੇ ਦੀ ਬਹਿਸਬਾਜ਼ੀ ਹੁੰਦੀ ਦਿਖਾਈ ਦੇ ਰਹੀ ਹੈ, ਅਤੇ ਫਿਰ ਉਨ੍ਹਾਂ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ।
ਜਿਸ ਨਿੱਜੀ ਹਸਪਤਾਲ ਵਿੱਚ ਲੈ ਕੇ ਜਾਇਆ ਗਿਆ ਉੱਥੇ ਦੇ ਡਾਕਟਰ ਐੱਚਪੀ ਸਿੰਘ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸੂਰੀ ਦੀ ਮੌਤ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਹੋ ਗਈ ਸੀ।
ਸੁਧੀਰ ਸੂਰੀ ਆਪਣੇ ਸਾਥੀਆਂ ਨਾਲ ਗੋਪਾਲ ਮੰਦਿਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਜਦੋਂ ਉਨ੍ਹਾਂ ਦੀ ਕਿਸੇ ਸ਼ਖਸ਼ ਨਾਲ ਬਹਿਸਬਾਜ਼ੀ ਹੋਈ। ਇਸ ਮਗਰੋਂ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ।
ਸੂਰੀ ਨੇ ਮੰਦਿਰ ਬਾਹਰ ਕੂੜੇ ਦੇ ਮੁੱਦੇ ਨੂੰ ਲੈ ਕੇ ਫੇਸਬੁੱਕ ਲਾਈਵ ਵੀ ਕੀਤਾ ਸੀ, ਉਨ੍ਹਾਂ ਦਾ ਇਸ ਲਾਈਵ ਤੋਂ ਕੁਝ ਘੰਟੇ ਬਾਅਦ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਉਨ੍ਹਾ ਜਿਸ ਥਾਂ ਉੱਤੇ ਧਰਨਾ ਦੇ ਰਹੇ ਸਨ ਉਸ ਸੜਕ ਦੇ ਵਿਚਾਲੇ ਹੀ ਉਨ੍ਹਾਂ ਨੇ ਗੱਡੀ ਖੜ੍ਹਾਈ ਹੋਈ ਸੀ।
ਸੂਰੀ ਨੂੰ ਜਿਵੇਂ ਹੀ ਗੋਲੀਆਂ ਮਾਰੀਆਂ ਗਈਆਂ ਉਨ੍ਹਾਂ ਦੇ ਸਾਥੀਆਂ ਨੇ ਵੀ ਆਪਣੇ ਹਥਿਆਰਾਂ ਨਾਲ ਕਈ ਹਵਾਈ ਫਾਇਰ ਕੀਤੇ।
ਇਸ ਵੇਲੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ। ਇਸ ਵੇਲੇ ਸ਼ਹਿਰ ਦੀਆਂ ਕੁਝ ਸੜਕਾਂ ਉੱਤੇ ਜਾਮ ਵੀ ਲਗਾ ਦਿੱਤਾ ਗਿਆ ਹੈ।
ਕੌਣ ਹੈ ਸੂਰੀ ਨੂੰ ਗੋਲੀ ਮਾਰਨ ਵਾਲਾ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਵਿੱਚ ਇਸ ਮੁੱਦੇ ਉੱਤੇ ਪ੍ਰੈੱਸ ਕਾਨਫਰੰਸ ਕੀਤੀ।
ਉਨ੍ਹਾਂ ਨੇ ਅਮਨ-ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅੰਮ੍ਰਿਤਸਰ ਵਿੱਚ ਹਾਲਾਤ ਕਾਬੂ ਹੇਠ ਹਨ।
ਉਨ੍ਹਾਂ ਅੱਗੇ ਕਿਹਾ, ”ਮੀਡੀਆ ਕਰਮੀਆਂ ਸਣੇ ਬਾਕੀ ਲੋਕਾਂ ਨੂੰ ਵੀ ਅਪੀਲ ਹੈ ਕਿ ਕਿਰਪਾ ਕਰਕੇ ਸੋਸ਼ਲ ਮੀਡੀਆ ਉੱਤੇ ਤੱਥਹੀਨ ਸੂਚਨਾਵਾਂ ਨਾ ਪੋਸਟ ਕਰੋ। ਲੋੜ ਪਈ ਤਾਂ ਸਖ਼ਤ ਕਾਨੂੰਨੀ ਕਾਰਵਾਈ ਵੀ ਕਰਾਂਗੇ।”
ਡੀਜੀਪੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਸ਼ਖਸ ਸਥਾਨਕ ਦੁਕਾਨਦਾਰ ਹੈ ਅਤੇ ਜਿੱਥੇ ਧਰਨਾ ਚੱਲ ਰਿਹਾ ਸੀ ਉਸਦੇ ਨੇੜੇ ਹੀ ਦੁਕਾਨ ਹੈ।
ਉਨ੍ਹਾਂ ਕਿਹਾ, ਗ੍ਰਿਫ਼ਤਾਰ ਕੀਤਾ ਗਏ ਸ਼ਖਸ ਦਾ ਨਾਂ ਸੰਦੀਪ ਸੰਨੀ ਹੈ। ਉਸਦੀ ਨੇੜੇ ਹੀ ਕੱਪੜਿਆਂ ਦੀ ਦੁਕਾਨ ਹੈ। ਉਸਨੇ ਆਪਣੇ 32 ਬੋਰ ਦੇ ਲਾਇਸੈਂਸੀ ਰਿਵਾਲਵਰ ਨਾਲ ਪੰਜ ਗੋਲੀਆਂ ਚਲਾਈਆਂ। ਕੁਝ ਗੋਲੀਆਂ ਸੰਦੀਪ ਸੂਰੀ ਨੂੰ ਵੀ ਲੱਗੀਆਂ। ਤੁਰੰਤ ਹੀ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ।
