-ਹਵਾਲਾ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਗਿ੍ਫ਼ਤਾਰ ਕੀਤੇ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ 1 ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਮੁੜ ਈ. ਡੀ. ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਈ. ਡੀ. ਦੀ ਅਦਾਲਤ ਵਲੋਂ ਸੁਣਵਾਈ ਕਰਨ ਤੋਂ ਇਨਕਾਰ ਕਰਨ ‘ਤੇ ਖਹਿਰਾ ਨੂੰ ਡਿਊਟੀ ਮੈਜਿਸਟ੍ਰੇਟ ਰੰਜਨ ਕੁਮਾਰ ਖੁੱਲਰ ਦੀ ਅਦਾਲਤ ‘ਚ ਪੇਸ਼ ਕਰਕੇ 13 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕਰਦਿਆਂ ਈ. ਡੀ. ਦੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਵਕੀਲ ਲੁਕੇਸ਼ ਨਾਰੰਗ ਨੇ ਤਰਕ ਦਿੱਤਾ ਕਿ ਸੁਖਪਾਲ ਸਿੰਘ ਖਹਿਰਾ ਦੇ ਬੈਂਕ ਖਾਤਿਆਂ ਦੀ ਜਾਂਚ ਕਰਨੀ ਹੈ ਅਤੇ ਇਸ ਗੱਲ ਦੀ ਵੀ ਪੜਤਾਲ ਕਰਨੀ ਹੈ ਕਿ ਪੈਸਾ ਕਿੱਥੋਂ ਆਇਆ ਅਤੇ ਅੱਗੇ ਕਿਸ ਨੂੰ ਦਿੱਤਾ ਗਿਆ ਅਤੇ ਨਾਲ ਹੀ ਪੈਸੇ ਦਾ ਲੈਣ-ਦੇਣ ਕਰਨ ਵਾਲਿਆਂ ਦੀ ਪਛਾਣ ਕਰਨ ਉਪਰੰਤ ਉਨ੍ਹਾਂ ਦੇ ਬਿਆਨ ਦਰਜ ਕਰਨੇ ਹਨ | ਉਧਰ ਬਚਾਅ ਪੱਖ ਦੇ ਵਕੀਲ ਕੇਸ਼ਵ ਚੌਧਰੀ ਅਤੇ ਪੀ. ਐਸ. ਵਾਲੀਆ ਨੇ ਰਿਮਾਂਡ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਡਰੱਗ ਕੇਸ ਤੋਂ ਬਾਅਦ ਈ. ਡੀ. ਵਲੋਂ ਸੰਮਨ ਜਾਰੀ ਕੀਤੇ ਗਏ ਸਨ, ਪ੍ਰੰਤੂ ਡਰੱਗ ਕੇਸ ‘ਚ ਸੁਪਰੀਮ ਕੋਰਟ ਵਲੋਂ ਸਟੇਅ ਮਿਲਣ ਕਾਰਨ ਈ. ਡੀ. ਖਹਿਰਾ ਦੀ ਗਿ੍ਫ਼ਤਾਰੀ ਨਹੀਂ ਪਾ ਸਕਦੀ | ਉਨ੍ਹਾਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਈ. ਡੀ. ਵਲੋਂ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿ ਕਾਨੂੰਨ ਮੁਤਾਬਿਕ ਗ਼ਲਤ ਹੈ | ਉਨ੍ਹਾਂ ਈ. ਡੀ. ਦੀ ਅਦਾਲਤ ਤੋਂ ਬਿਨਾਂ ਕਿਸੇ ਹੋਰ ਅਦਾਲਤ ‘ਚ ਕੇਸ ਦੀ ਸੁਣਵਾਈ ਹੋਣ ‘ਤੇ ਵੀ ਸਵਾਲ ਖੜੇ੍ਹ ਕੀਤੇ | ਅਦਾਲਤ ‘ਚ ਪੌਣੇ 3 ਵਜੇ ਤੋਂ ਲੈ ਕੇ ਸਾਢੇ 4 ਵਜੇ ਤੱਕ ਦੋਵਾਂ ਧਿਰਾਂ ਦੀ ਚੱਲੀ ਬਹਿਸ ਤੋਂ ਬਾਅਦ ਸ਼ਾਮ ਦੇ 7 ਵਜੇ ਸੁਖਪਾਲ ਸਿੰਘ ਖਹਿਰਾ ਨੂੰ 7 ਦਿਨਾਂ ਦੇ ਰਿਮਾਂਡ ‘ਤੇ ਭੇਜਦਿਆਂ ਅਦਾਲਤ ਨੇ ਮੁੜ 18 ਨਵੰਬਰ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਸੁਣਾਏ | ਉਧਰ ਅਦਾਲਤ ਦੇ ਬਾਹਰ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ‘ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪੁਖਤਾ ਸਬੂਤ ਹਨ, ਲਿਹਾਜ਼ਾ ਉਹ ਘਬਰਾਉਣ ਵਾਲੇ ਨਹੀਂ |
ਮਹਿਤਾਬ ਸਿੰਘ ਖਹਿਰਾ ਨੇ ਉਨ੍ਹਾਂ ਦੇ ਪਿਤਾ ਨੂੰ ਝੂਠੇ ਕੇਸ ‘ਚ ਫਸਾਉਣ ਦਾ ਲਗਾਇਆ ਦੋਸ਼
ਅਦਾਲਤ ਦੇ ਬਾਹਰ ਸੁਖਪਾਲ ਸਿੰਘ ਖਹਿਰਾ ਦੇ ਲੜਕੇ ਮਹਿਤਾਬ ਸਿੰਘ ਖਹਿਰਾ ਨੇ ਕਿਹਾ ਕਿ ਉਸ ਦੇ ਪਿਤਾ ਨੂੰ ਸਿਆਸੀ ਰੰਜਿਸ਼ ਦੇ ਚਲਦਿਆਂ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਪਿਤਾ ਵਿਰੋਧੀ ਧਿਰ ਦੇ ਆਗੂ ਸਨ ਤਾਂ ਉਨ੍ਹਾਂ ਕਈ ਮੰਤਰੀਆਂ ਦੇ ਭੇਦ ਖੋਲੇ੍ਹ ਸਨ, ਜਿਸ ਕਾਰਨ ਇਕ ਮੰਤਰੀ ਨੂੰ ਆਪਣੀ ਕੁਰਸੀ ਵੀ ਗੁਆਣੀ ਪਈ ਸੀ | ਉਨ੍ਹਾਂ ਕਿਹਾ ਕਿ ਮੌਜੂਦਾ ਮਾਮਲੇ ਵਿਚ 2016 ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਨੂੰ ਵਿਦੇਸ਼ਾਂ ਤੋਂ ਪ੍ਰਵਾਸੀ ਭਾਰਤੀਆਂ ਤੋਂ ਫ਼ੰਡ ਇਕੱਠਾ ਕਰਨ ਲਈ ਕਿਹਾ ਸੀ | ਉਨ੍ਹਾਂ ਕਿਹਾ ਕਿ ਈ. ਡੀ. ਨੇ ਉਸ ਦੇ ਪਿਤਾ ਨੂੰ 1 ਲੱਖ ਕੈਨੇਡੀਅਨ ਡਾਲਰ ਲਿਆਉਣ ਦੇ ਮਾਮਲੇ ‘ਚ ਫਸਾਇਆ ਹੈ ਅਤੇ ਉਸ ਦਾ ਪ੍ਰਸ਼ਨ ਹੈ ਕਿ ਕੋਈ ਵਿਦੇਸ਼ ਤੋਂ ਇੰਨੀ ਵੱਡੀ ਰਕਮ ਕਿਵੇਂ ਲਿਆ ਸਕਦਾ ਹੈ | ਉਨ੍ਹਾਂ ਕਿਹਾ ਕਿ ਈ. ਡੀ. ਵਲੋਂ ਆਪ ਦੇ ਖਾਤੇ ਦੀ ਜਾਂਚ ਕਰਨ ਦੀ ਬਜਾਏ ਉਨ੍ਹਾਂ ਦੇ ਪਿਤਾ ਨੂੰ ਝੂਠੇ ਕੇਸ ਵਿਚ ਫਸਾਇਆ ਜਾ ਰਿਹਾ ਹੈ | ਉਨ੍ਹਾਂ ਸਪੱਸ਼ਟ ਕਿਹਾ ਕਿ ਉਨ੍ਹਾਂ ਦੇ ਪਿਤਾ ਕੋਲ ਫ਼ੰਡਾਂ ਦਾ ਸਾਰਾ ਹਿਸਾਬ-ਕਿਤਾਬ ਮੌਜੂਦ ਹੈ ਅਤੇ ਉਨ੍ਹਾਂ ਦੇ ਪਿਤਾ 11 ਵਾਰ ਈ. ਡੀ. ਸਾਹਮਣੇ ਦਸਤਾਵੇਜ਼ਾਂ ਸਮੇਤ ਪੇਸ਼ ਹੋ ਚੁੱਕੇ ਹਨ |
