ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਹੋਰ ਵਧੇਰੇ ਪ੍ਰਫੁੱਲਤ ਕਰਨ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਪੰਜਾਬ ਵਿਚ ਪੰਜਾਬੀ ਨੂੰ ਪਹਿਲਾ ਸਥਾਨ ਦੇਣ ਲਈ ਵੀ ਸਰਕਾਰ ਸਖਤ ਕਦਮ ਚੁੱਕ ਰਹੀ ਹੈ। ਜਿਸ ਵਿਚ ਇਕ ਕਦਮ ਇਹ ਵੀ ਸੀ ਕਿ ਸਾਈਨ ਬੋਰਡ ‘ਤੇ ਸਭ ਤੋਂ ਉੱਪਰ ਪੰਜਾਬੀ ਭਾਸ਼ਾ ਲਿਖੀ ਜਾਵੇ ਅਤੇ ਸਰਕਾਰੀ ਵੈੱਬਸਾਈਟ ਦਾ ਡਾਟਾ ਪੰਜਾਬੀ ਭਾਸ਼ਾ ‘ਚ ਅਪਲੋਡ ਕੀਤੀ ਜਾਵੇ ਜਿਸ ਦਾ ਅੱਜ ਆਖਰੀ ਦਿਨ ਹੈ। ਪੰਜਾਬ ਸਰਕਾਰ ਨੇ ਸਾਈਨ ਬੋਰਡ ‘ਤੇ ਸਭ ਤੋਂ ਉੱਪਰ ਪੰਜਾਬੀ ਭਾਸ਼ਾ ਲਿਖਣ ਲਈ ਅੱਜ ਯਾਨੀ 21 ਫਰਵਰੀ ਤੱਕ ਦਾ ਸਮਾਂ ਦਿੱਤਾ ਸੀ। ਜੇਕਰ ਕੋਈ ਵਿਭਾਗ ਅਜਿਹਾ ਨਹੀਂ ਕਰਦਾ ਤਾਂ ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ।
ਭਾਸ਼ਾ ਵਿਭਾਗ ਨੇ ਇਸ ਸਬੰਧੀ ਪੂਰੀ ਤਿਆਰੀ ਕਰ ਲਈ ਹੈ। ਡਾਇਰੈਕਟਰ ਭਾਸ਼ਾ ਵਿਭਾਗ ਵੀਰਪਾਲ ਕੌਰ ਨੇ ਕਿਹਾ ਕਿ 21 ਫਰਵਰੀ ਤੋਂ ਬਾਅਦ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਨਵੰਬਰ 2021 ‘ਚ ਪੰਜਾਬੀ ਤੇ ਹੋਰ ਭਾਸ਼ਾਵਾਂ ਸਿੱਖਿਆ (ਸੋਧ) ਬਿੱਲ 2021 ਪਾਸ ਹੋ ਚੁੱਕਾ ਹੈ। ਬਿੱਲ ਅਨੁਸਾਰ 21 ਫਰਵਰੀ ਤੋਂ ਬਾਅਦ ਉਲੰਘਣਾ ਕਰਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ। ਬਾਅਦ ਵਿਚ ਪਹਿਲੀ ਵਾਰ 500 ਰੁਪਏ, ਦੂਜੀ ਵਾਰ 2,000 ਰੁਪਏ ਤੇ ਤੀਜੀ ਵਾਰ 5,000 ਰੁਪਏ ਤੱਕ ਦਾ ਜੁਰਮਾਨਾ ਹੋਵੇਗਾ।
