ਗ੍ਰਹਿ ਮੰਤਰਾਲੇ ਵਲੋਂ ਦਿੱਤੀ ਗਈ ਵਾਈ ਪਲੱਸ ਸੁੱਰਖਿਆ ਵੀ ਭਾਜਪਾ ਆਗੂ ਦੇ ਕੰਮ ਨਹੀਂ ਆਈ। ਸੁਰੱਖਿਆ ਦੇ ਬਾਵਜੂਦ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਦੇ ਘਰ ਚੋਰੀ ਹੋਈ ਹੈ। ਸੀਸੀਟੀਵੀ ‘ਚ ਕੈਦ ਹੋਇਆ ਚੋਰ 2 ਮੋਬਾਈਲ ਫੋਨ, ਏਟੀਐਮ ਕਾਰਡ ਅਤੇ ਹੋਰ ਸਮਾਨ ‘ਤੇ ਹੱਥ ਸਾਫ ਕਰ ਗਿਆ। ਇਸ ਸਬੰਧੀ ਪੁਲੀਸ ਨੇ ਜੀਵਨ ਗੁਪਤਾ ਦੇ ਭਰਾ ਰਾਜੇਸ਼ ਕੁਮਾਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।
ਥਾਣਾ ਡਵੀਜ਼ਨ ਨੰਬਰ 5 ਦੇ ਐਸਐਚਓ ਨੀਰਜ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ। ਮੁਲਜ਼ਮਾਂ ਨੇ ਭਾਜਪਾ ਆਗੂ ਜੀਵਨ ਗੁਪਤਾ ਦੇ ਘਰੋਂ 2 ਮੋਬਾਈਲ ਫੋਨ, ਏਟੀਐਮ ਕਾਰਡ ਅਤੇ ਹੋਰ ਸਮਾਨ ਚੋਰੀ ਕਰ ਲਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਮਾਮਲੇ ਵਿੱਚ ਖਾਸ ਗੱਲ ਇਹ ਹੈ ਕਿ ਭਾਜਪਾ ਨੇਤਾ ਨੂੰ Y+ ਸੁਰੱਖਿਆ ਮਿਲੀ ਹੋਈ ਹੈ, ਜਿਸ ਕਰਕੇ ਉਨ੍ਹਾਂ ਦੇ ਘਰ ਸੁਰੱਖਿਆ ਜਵਾਨ ਹਰ ਵੇਲੇ ਤਾਇਨਾਤ ਰਹਿੰਦੇ ਹਨ ਇਸਦੇ ਬਾਵਜੂਦ ਚੋਰ ਬਿਨ੍ਹਾ ਕਿਸੇ ਖੌਫ ਦੇ ਬੇਪਰਵਾਹ ਹੋ ਕੇ ਆਉਂਦਾ ਹੈ ਅਤੇ ਚੋਰੀ ਕਰਕੇ ਤਿੱਤਰ ਹੋ ਜਾਂਦਾ ਹੈ, ਜਿਸ ਦੀ ਕਿਸੇ ਨੂੰ ਕੰਨੋ ਕੰਨ ਖ਼ਬਰ ਨਹੀਂ ਹੋਈ। ਹੁਣ ਸਵਾਲ ਇਹ ਹੈ ਕਿ ਜੇਕਰ ਆਗੂ ਨੂੰ ਸੁੱਰਖਿਆ ਮਿਲੀ ਸੀ ਤਾਂ ਉਸ ਵੇਲੇ ਸੁਰੱਖਿਆ ਕਰਮੀ ਕਿੱਥੇ ਸਨ। ਜੇਕਰ ਸੁਰੱਖਿਆ ਕਰਮੀ ਮੌਜੂਦ ਵੀ ਸਨ ਤਾਂ ਚੋਰ ਬੇਪਰਵਾਹ ਹੋ ਕੇ ਵਾਰਦਾਤ ਕਿਵੇਂ ਕਰ ਗਿਆ।

