ਲੁਧਿਆਣਾ ਦੇ ਮੇਅਰ ਇੰਦਰਜੀਤ ਕੌਰ ਦੇ ਪਤੀ ਰਵੀ ਆਨੰਦ ਲੱਕੀ ਦੀ ਇੱਕ ਆਡੀਓ ਕਲਿੱਪ ਵਾਇਰਲ ਹੋਣ ‘ਤੇ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਹੜਕੰਪ ਮਚ ਗਿਆ। ਇਹ ਆਡੀਓ ਕਲਿੱਪ ਕਥਿਤ ਤੌਰ ‘ਤੇ ਮੇਅਰ ਦੇ ਪਤੀ ਅਤੇ ਇੱਕ ਮਹਿਲਾ ਪ੍ਰਿੰਸੀਪਲ ਵਿਚਕਾਰ ਗੱਲਬਾਤ ਦੀ ਹੈ, ਜਿਸ ਵਿੱਚ ਉਹ ਕਥਿਤ ਤੌਰ ‘ਤੇ ਇਤਰਾਜ਼ਯੋਗ ਟਿੱਪਣੀਆਂ ਕਰਦੇ ਹਨ। ਇਸ ਆਡੀਓ ਵਿੱਚ ਮੇਅਰ ਦਾ ਪਤੀ ਵਾਰ-ਵਾਰ ਮਹਿਲਾ ਪ੍ਰਿੰਸੀਪਲ ਤੋਂ ਉਸ ਦੀ ਫੋਟੋਆਂ ਮੰਗ ਰਹੇ ਹਨ।
ਦੱਸ ਦਈਏ ਕਿ ਲਗਭਗ 2 ਮਿੰਟ ਦੀ ਕਾਲ ਰਿਕਾਰਡਿੰਗ ਵਿੱਚ ਰਵੀ ਆਨੰਦ ਨੇ ਮਹਿਲਾ ਪ੍ਰਿੰਸੀਪਲ ਤੋਂ ਨੌਂ ਵਾਰ ਉਸ ਦੀ ਫੋਟੋ ਮੰਗੀ। ਪ੍ਰਿੰਸੀਪਲ ਨੇ ਉਸ ਨੂੰ ਵਾਰ-ਵਾਰ ਕਿਹਾ ਕਿ ਉਹ ਫੋਟੋਆਂ ਸਾਂਝੀ ਨਹੀਂ ਕਰ ਸਕਦੀ। ਅਖੀਰ ਵਿੱਚ ਪ੍ਰਿੰਸੀਪਲ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਰਿਸ਼ਤਿਆਂ ਵਿੱਚ ਕੁਝ ਸ਼ਰਮ ਵੀ ਹੁੰਦੀ ਹੈ। ਮਹਿਲਾ ਪ੍ਰਿੰਸੀਪਲ ਦਾ ਦਾਅਵਾ ਹੈ ਕਿ ਉਸ ਦੀ ਇਹ ਰਿਕਾਰਡਿੰਗ ਫੇਸਬੁੱਕ ਮੈਸੇਂਜਰ ਦੀ ਹੈ।
ਦਰਅਸਲ, ਇਹ ਮਾਮਲਾ ਉਸ ਵੇਲੇ ਹੋਰ ਵੀ ਭੱਖ ਗਿਆ, ਜਦੋਂ ਹਾਲ ਹੀ ਵਿੱਚ ਇੱਕ ਮਹਿਲਾ ਅਧਿਆਪਕਾ ਨੇ ਜਨਤਕ ਤੌਰ ‘ਤੇ ਸਾਹਮਣੇ ਆ ਕੇ ਮੇਅਰ ਦੇ ਪਤੀ ‘ਤੇ ਗੰਭੀਰ ਦੋਸ਼ ਲਗਾਏ। ਉਸ ਨੇ ਦਾਅਵਾ ਕੀਤਾ ਕਿ ਦੋਸ਼ੀ ਉਸਨੂੰ ਲਗਾਤਾਰ ਮੈਸੇਜ ਕਰਦਾ ਰਿਹਾ ਅਤੇ ਵਾਰ-ਵਾਰ ਨਿੱਜੀ ਫੋਟੋਆਂ ਭੇਜਣ ਲਈ ਦਬਾਅ ਪਾਉਂਦਾ ਰਿਹਾ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਉਸਨੇ ਇਨ੍ਹਾਂ ਮੰਗਾਂ ਤੋਂ ਇਨਕਾਰ ਕਰ ਦਿੱਤਾ, ਤਾਂ ਉਸਨੂੰ ਧਮਕੀਆਂ ਦਿੱਤੀਆਂ ਗਈਆਂ। ਮਾਮਲਾ ਤੇਜ਼ੀ ਨਾਲ ਵਧਿਆ, ਅਤੇ ਹੁਣ ਇੱਕ ਕਥਿਤ ਆਡੀਓ ਕਲਿੱਪ ਜਾਰੀ ਹੋਣ ਨਾਲ ਵਿਵਾਦ ਹੋਰ ਵੀ ਜ਼ਿਆਦਾ ਭੱਖ ਗਿਆ ਹੈ।
ਪ੍ਰਿੰਸੀਪਲ ਨੇ ਖੁੱਲ੍ਹ ਕੇ ਦੋਸ਼ ਲਗਾਇਆ ਕਿ ਦੋਸ਼ੀ ਉਸਨੂੰ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਹੋਏ ਸੁਨੇਹੇ ਭੇਜਦਾ ਸੀ, ਉਸਦੀਆਂ ਫੋਟੋਆਂ ਮੰਗਦਾ ਸੀ ਅਤੇ ਇੱਥੋਂ ਤੱਕ ਕਿ ਉਸਨੂੰ ਬਾਹਰ ਜਾਣ ਲਈ ਵੀ ਕਹਿੰਦਾ ਸੀ। ਇਸ ਪੂਰੀ ਘਟਨਾ ਨੇ ਸ਼ਹਿਰ ਵਿੱਚ ਵਿਆਪਕ ਚਰਚਾ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਅੱਗੇ ਇਸ ਮਾਮਲੇ ਵਿੱਚ ਕੀ ਹੁੰਦਾ ਹੈ?
