ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਵਿਖਾਈ ਦੇ ਰਹੀਆਂ ਹਨ। ਹੁਣ ਰਾਹੁਲ ਗਾਂਧੀ ਪਾਸੋਂ ਉਹਨਾਂ ਦਾ ਸਰਕਾਰੀ ਬੰਗਲਾ ਵਾਪਸ ਲਏ ਜਾਣ ਦੀ ਵੀ ਖ਼ਬਰ ਮਿਲੀ ਹੈ। ਲੋਕ ਸਭਾ ਦੀ ਹਾਊਸਿੰਗ ਕਮੇਟੀ ਨੇ ਵੱਡਾ ਫੈਸਲਾ ਲੈਂਦੇ ਹੋਏ ਸੋਮਵਾਰ ਨੂੰ ਕਾਂਗਰਸ ਨੇਤਾ ਅਤੇ ਵਾਇਨਾਡ ਦੇ ਸੰਸਦ ਮੈਂਬਰ ਰਹੇ ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਲਈ ਨੋਟਿਸ ਭੇਜਿਆ ਹੈ। ਜ਼ਿਕਰਯੋਗ ਹੈ ਕਿ ਇਹ ਫੈਸਲਾ ਵਾਇਨਾਡ ਦੇ ਸੰਸਦ ਮੈਂਬਰ ਦੀ ਸੰਸਦ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਲਿਆ ਗਿਆ ਹੈ। ਫਿਲਹਾਲ ਰਾਹੁਲ ਗਾਂਧੀ 12 ਤੁਗਲਕ ਰੋਡ ਸਥਿਤ ਸਰਕਾਰੀ ਬੰਗਲੇ ‘ਚ ਰਹਿੰਦੇ ਹਨ। ਮਿਲੀ ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਨੂੰ 22 ਅਪ੍ਰੈਲ ਤੱਕ ਇਹ ਸਰਕਾਰੀ ਬੰਗਲਾ ਖਾਲ੍ਹੀ ਕਰਨ ਲਈ ਕਿਹਾ ਗਿਆ ਹੈ।
ਦਸ ਦਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸੂਰਤ ਦੀ ਇੱਕ ਅਦਾਲਤ ਦੁਆਰਾ 2019 ਦੇ ਮਾਣਹਾਨੀ ਦੇ ਇੱਕ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਤੇ 2 ਸਾਲ ਦੀ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ 24 ਮਾਰਚ ਨੂੰ ਲੋਕ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਸੂਰਤ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਯੋਗ ਮੈਂਬਰ ਨੂੰ ਆਪਣੀ ਮੈਂਬਰਸ਼ਿਪ ਗੁਆਉਣ ਦੇ ਇਕ ਮਹੀਨੇ ਦੇ ਅੰਦਰ ਸਰਕਾਰੀ ਬੰਗਲਾ ਖਾਲੀ ਕਰਨਾ ਪੈਂਦਾ ਹੈ।
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਰਾਹੁਲ ਗਾਂਧੀ ਹਾਊਸਿੰਗ ਕਮੇਟੀ ਨੂੰ ਇਸ ਮਿਆਦ ਨੂੰ ਵਧਾਉਣ ਦੀ ਬੇਨਤੀ ਕਰ ਸਕਦੇ ਹਨ। ਲੋਕ ਸਭਾ ਸਕੱਤਰੇਤ ਵੱਲੋਂ ਰਾਹੁਲ ਨੂੰ ਅਯੋਗ ਠਹਿਰਾਉਣ ਵਾਲੇ ਨੋਟੀਫਿਕੇਸ਼ਨ ਦੀ ਕਾਪੀ ਐਨਡੀਐਮਸੀ ਦੇ ਸੰਪਦਾ ਡਾਇਰੈਕਟੋਰੇਟ ਜਨਰਲ ਸਮੇਤ ਵੱਖ-ਵੱਖ ਵਿਭਾਗਾਂ ਨੂੰ ਭੇਜੀ ਗਈ ਸੀ।
