ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਦਾ ਬੀਤੇ ਮੰਗਲਵਾਰ ਦੇਹਾਂਤ ਹੋ ਗਿਆ ਸੀ। ਜਿੰਨਾ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਜੱਦੀ ਪਿੰਡ ਬਾਦਲ ਵਿਖੇ ਉਨ੍ਹਾਂ ਵੱਲੋਂ ਲਗਾਏ ਗਏ ਕਿੰਨੂਆਂ ਦੇ ਬਾਗ ਵਿਚ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਹਨਾਂ ਦੀ ਮ੍ਰਿਤਕ ਦੇਹ ਅੰਤਿਮ ਦਰਸ਼ਨਾਂ ਲਈ ਘਰ ਰੱਖੀ ਗਈ ਸੀ ਅਤੇ ਫਿਰ ਅੰਤਿਮ ਯਾਤਰਾ ਕੱਢੀ ਗਈ ਜਿਸ ਵਿਚ ਵੱਡੀ ਗਿਣਤੀ ‘ਚ ਲੋਕ ਨਾਲ ਚੱਲ ਰਹੇ ਹਨ। ਇਸ ਮੌਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਵਿਦਾਈਗੀ ਮੌਕੇ ਸ਼ਰਧਾਜਲੀ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਹਨ। ਇਸ ਦੌਰਾਨ ਉਹਨਾਂ ਦੇ ਨਾਲ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਮੌਜੂਦ ਵਿਖਾਈ ਦਿੱਤੇ।

ਅੰਤਿਮ ਵਿਦਾਇਗੀ ਮੌਕੇ ਪਰਿਵਾਰ ਮੈਂਬਰਾਂ ਸਮੇਤ ਹਰ ਸ਼ਖ਼ਸ ਦੀ ਅੱਖ ਨਮ ਵਿਖਾਈ ਦੇ ਰਹੀ ਹੈ। ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਨੂੰ ਹੌਂਸਲਾ ਦਿੱਤਾ ਜਾ ਰਿਹਾ ਹੈ। ਸੁਖਬੀਰ ਬਾਦਲ ਦੀਆਂ ਅੱਖਾਂ ਵੀ ਹੰਝੂਆਂ ਨਾਲ ਭਿੱਜੀਆਂ ਵਿਖਾਈ ਦਿੱਤੀਆਂ। ਇਸ ਮੌਕੇ ਵੱਖ-ਵੱਖ ਸਿਆਸੀ ਆਗੂ ਅਤੇ ਹੋਰ ਸ਼ਖ਼ਸੀਅਤਾਂ ਵੀ ਪੁੱਜੀਆਂ ਅਤੇ ਉਹਨਾਂ ਨੇ ਸਾਬਕਾ ਸੀ.ਐਮ. ਨੂੰ ਸ਼ਰਧਾਂਜਲੀ ਦਿੱਤੀ।

ਬਾਬਾ ਬੋਹੜ ਮੰਨੇ ਜਾਣ ਵਾਲੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਵਿਦਾਈ ਵੇਲੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਹੜ੍ਹ ਆਇਆ। ਇਸ ਤੋਂ ਪਹਿਲਾਂ ਸਵੇਰੇ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਘਰ ਵਿੱਚ ਰੱਖਿਆ ਗਿਆ ਸੀ। ਅੰਤਿਮ ਸੰਸਕਾਰ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਬੀ. ਐੱਲ. ਪੁਰੋਹਿਤ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਐੱਨ. ਸੀ. ਪੀ. ਮੁਖੀ ਸ਼ਰਦ ਪਵਾਰ ਵੀ ਸ਼ਰਧਾਂਜਲੀ ਦੇਣ ਲਈ ਇੱਥੇ ਪੁੱਜੇ।

