‘ਵਾਟਿੰਡ’ ਅੰਮ੍ਰਿਤਪਾਲ ਸਿੰਘ ਦੀ ਭਾਲ ਲਗਾਤਾਰ ਪੁਲਿਸ ਵਲੋਂ ਕੀਤੀ ਜਾ ਰਹੀ ਹੈ। ਇਸ ਦੌਰਾਨ ਕੁਝ ਵੀਡੀਓਜ਼ ਨਸ਼ਰ ਹੋ ਰਹੀਆਂ ਹਨ ਜੋ ਅੰਮ੍ਰਿਤਪਾਲ ਸਿੰਘ ਦੀਆਂ ਦੱਸੀਆਂ ਜਾ ਰਹੀਆਂ ਹਨ। ਜਾਰੀ ਹੋਈ ਨਵੀਂ ਵੀਡੀਓ ਵਿਚ ਅੰਮ੍ਰਿਤਪਾਲ ਸਿੰਘ ਨੇ ਇਹ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ ਸੰਸਾਰ ਦੇ ਸਾਹਮਣੇ ਆਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਪੁਲਿਸ ਨੂੰ ਚੁਣੌਤੀ ਦਿੱਤੀ ਹੈ। ਫਰਾਰ ਚੱਲ ਰਹੇ ਅੰਮ੍ਰਿਤਪਾਲ ਸਿੰਘ ਨੇ ਵੀਰਵਾਰ ਰਾਤ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਮੈਂ ਗ੍ਰਿਫਤਾਰੀ ਤੋਂ ਨਹੀਂ ਡਰਦਾ, ਮੈਂ ਵਿਦੇਸ਼ ਭੱਜਣ ਨਹੀਂ ਜਾ ਰਿਹਾ, ਮੈਂ ਆਪਣੇ ਵਾਲ ਨਹੀਂ ਕੱਟੇ।
ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਇਕ ਹੋਰ ਕਥਿਤ ਆਡੀਓ ਸਾਹਮਣੇ ਆਈ ਹੈ। ਜਿਸ ਵਿਚ ਉਸ ਨੇ ਜਾਰੀ ਆਪਣੀ ਵੀਡੀਓ ਉਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੱਤਾ ਹੈ। ਕਥਿਤ ਆਡੀਓ ਵਿਚ ਉਸ ਨੇ ਆਖਿਆ ਸੀ ਕਿ ਕਈ ਲੋਕ ਸਵਾਲ ਚੁੱਕ ਰਹੇ ਹਨ ਕਿ ਵੀਡੀਓ ਪੁਲਿਸ ਨੇ ਬਣਵਾਈ ਹੈ। ਉਸ ਨੇ ਕਿਹਾ ਕਿ ਕੈਮਰੇ ਵੱਲ ਵੇਖ ਕੇ ਵੀਡੀਓ ਬਣਾਉਣਾ ਮੇਰੀ ਆਦਤ ਨਹੀਂ ਹੈ।
ਇਸਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਦੀ ਜਾਰੀ ਹੋਈ ਆਡੀਓ ਵਿਚ ਉਹਨਾਂ ਨੇ ਜਥੇਦਾਰ ਨੂੰ ਆਖਿਆ ਹੈ ਕਿ ਸਰਬੱਤ ਖਾਲਸਾ ਸੱਦ ਕੇ ਆਪਣਾ ਜਥੇਦਾਰ ਹੋਣ ਦਾ ਸਬੂਤ ਦਿਓ। ਆਡੀਓ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇ ਅੱਜ ਵੀ ਸਿਆਸਤ ਕਰਨੀ ਹੈ ਤਾਂ ਫਿਰ ਆਪਾਂ ਭਵਿੱਖ ਵਿਚ ਜਥੇਦਾਰੀ ਕਰ ਕੇ ਵੀ ਕੀ ਲੈਣਾ ਹੈ। ਅੱਜ ਸਮਾਂ ਹੈ ਜਦੋਂ ਸਾਰੀਆਂ ਧਿਰਾਂ ਨੂੰ ਇਕ ਹੋਣਾ ਚਾਹੀਦਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੈਂ ਨਾ ਜੇਲ੍ਹ ਜਾਣ ਤੋਂ ਘਬਰਾਉਂਦਾ ਹਾਂ ਤੇ ਨਾ ਪੁਲਿਸ ਦੇ ਤੱਸ਼ਦਦ ਤੋਂ ਘਬਰਾਉਂਦਾ ਹਾਂ। ਕੋਈ ਨਹੀਂ, ਕਰ ਲੈਣ ਜੋ ਕੁਝ ਕਰਨਾ ਹੈ।
