ਪੰਜਾਬੀ ਗਾਇਕ ਸ਼. ਸਿੱਧੂ ਮੂਸੇਵਾਲਾ ਦਾ ਇੱਕ ਗੀਤ ਅੱਜ ਸ਼ਾਮ 6 ਵਜੇ ਰਿਲੀਜ਼ ਹੋਵੇਗਾ। ਇਹ ਗੀਤ ਪੰਜਾਬ-ਹਰਿਆਣਾ ਦੇ ਵਿਵਾਦਿਤ SYL ਮੁੱਦੇ ‘ਤੇ ਇਸੇ ਨਾਂ ਨਾਲ ਗਾਇਆ ਗਿਆ ਹੈ। ਬੀਤੀ ਰਾਤ ਸਿੱਧੂ ਦੇ ਵੈਰੀਫਾਈਡ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਪਾਈ ਗਈ। ਇਸ ਨੂੰ ਪੜ੍ਹ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ। ਗੀਤ ਦੇ ਰਿਲੀਜ਼ ਹੋਣ ਦੀ ਪੋਸਟ ਨੂੰ ਪ੍ਰਸ਼ੰਸਕਾਂ ਨੇ ਵੱਖ-ਵੱਖ ਮਾਧਿਅਮਾਂ ਰਾਹੀਂ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਪਰ ਉਸ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਦੀ ਧੜਕਣ ਤੇਜ਼ ਕਰ ਦਿੰਦੇ ਹਨ। ਅਜਿਹਾ ਹੀ ਇੱਕ ਹੋਰ ਗੀਤ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਨੂੰ ਮੂਸੇਵਾਲਾ ਨੇ SYL ‘ਤੇ ਲਿਖਿਆ ਸੀ। ਸਿੱਧੂ ਮੂਸੇਵਾਲਾ ਨੇ ਇਸ ਗੀਤ ‘ਚ ਕਈ ਅਹਿਮ ਮੁੱਦੇ ਉਠਾਏ ਹਨ। ਗੀਤ ਦੀਆਂ ਖਾਸ ਗੱਲਾਂ ਕੀ ਹਨ, ਇਹ ਤਾਂ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਜਦੋਂ ਤੋਂ ਪ੍ਰਸ਼ੰਸਕਾਂ ਨੂੰ ਪਤਾ ਲੱਗਾ ਹੈ ਕਿ ਸਿੱਧੂ ਦਾ ਗੀਤ ਰਿਲੀਜ਼ ਹੋਵੇਗਾ, ਉਹ ਇਸ ਪੋਸਟ ਨੂੰ ਸ਼ੇਅਰ ਕਰ ਰਹੇ ਹਨ।
ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਪੰਜਾਬ ਦੇ ਮਾਨਸਾ ਪਿੰਡ ਵਿੱਚ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪਰਿਵਾਰ ਵੱਲੋਂ ਅਰਦਾਸ ਰੱਖੀ ਗਈ, ਜਿਸ ਵਿੱਚ ਪਿਤਾ ਨੇ ਆਏ ਹੋਏ ਲੋਕਾਂ ਨਾਲ ਆਪਣੇ ਦਿਲ ਦੀਆਂ ਕਈ ਗੱਲਾਂ ਕਹੀਆਂ।ਪਿਤਾ ਨੇ ਕਿਹਾ ਸੀ ਕਿ ਉਹ ਆਪਣੇ ਬੇਟੇ ਨੂੰ ਅਗਲੇ 5-7 ਸਾਲਾਂ ਤੱਕ ਗੀਤਾਂ ਰਾਹੀਂ ਤੁਹਾਡੇ ਸਾਰਿਆਂ ਵਿਚਕਾਰ ਜ਼ਿੰਦਾ ਰੱਖਣ ਦਾ ਵਾਅਦਾ ਕਰਦਾ ਹੈ। ਉਨ੍ਹਾਂ ਦੱਸਿਆ ਸੀ ਕਿ ਸਿੱਧੂ ਦੇ ਕਈ ਗੀਤ ਰਿਲੀਜ਼ ਹੋਣ ਦੀ ਸਟੇਜ ‘ਤੇ ਹਨ। ਸਿੱਧੂ ਨੇ ਕਈ ਗੀਤ ਲਿਖੇ ਸਨ। ਪਾਈਪਲਾਈਨ ਵਿੱਚ ਆਉਣ ਵਾਲੇ ਸਾਰੇ ਗੀਤ ਰਿਲੀਜ਼ ਕੀਤੇ ਜਾਣਗੇ।
