ਚੀਫ਼ ਜਸਟਿਸ ਐਨ.ਵੀ. ਰਮੰਨਾ, ਜੋ ਸ਼ੁੱਕਰਵਾਰ ਨੂੰ ਅਹੁਦਾ ਛੱਡਣ ਜਾ ਰਹੇ ਹਨ, ਉਨ੍ਹਾਂ ਵੱਡੀ ਗਿਣਤੀ ‘ਚ ਮੁੱਕਦਮਿਆਂ ਦੇ ਲੰਬਿਤ ਰਹਿਣ ਨੂੰ ‘ਵੱਡੀ ਚੁਣੌਤੀ’ ਕਰਾਰ ਦਿੰਦਿਆਂ ਸੁਪਰੀਮ ਕੋਰਟ ‘ਚ ਸੁਣਵਾਈ ਲਈ ਮਾਮਲਿਆਂ ਨੂੰ ਸੂਚੀਬੱਧ ਕਰਨ ਤੇ ਪੋਸਟ ਕਰਨ ਵੱਲ ਵਧੇਰੇ ਧਿਆਨ ਨਾ ਦੇ ਸਕਣ ‘ਤੇ ਅਫਸੋਸ ਪ੍ਰਗਟ ਕੀਤਾ | ਸ੍ਰੀ ਰਮੰਨਾ ਨੇ ਰਸਮੀ ਬੈਂਚ ਦੀ ਅਗਵਾਈ ਕਰਦਿਆਂ ਕਿਹਾ ਕਿ ਇਸ ਦਾ ਹੱਲ ਲੱਭਣ ਲਈ ਆਧੁਨਿਕ ਤਕਨਾਲੌਜੀ ਸਾਧਨਾਂ ਤੇ ਬਣਾਵਟੀ ਸੂਝ (ਆਰਟੀਫਿਸੀਅਲ ਇੰਟੈਲੀਜੈਂਸ) ਨੂੰ ਤਾਇਨਾਤ ਕਰਨ ਦੀ ਲੋੜ ਹੈ, ਹਾਲਾਂਕਿ ਅਸੀਂ ਕੁਝ ਮਾਡਿਊਲ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅਨੁਕੂਲਤਾ ਤੇ ਸੁਰੱਖਿਆ ਮੁੱਦਿਆਂ ਦੇ ਚੱਲਦੇ ਅਸੀਂ ਜ਼ਿਆਦਾ ਤਰੱਕੀ ਨਹੀਂ ਕਰ ਸਕੇ | ਉਨ੍ਹਾਂ ਕਿਹਾ ਕਿ ਸਾਨੂੰ ਇਸ ਤੱਥ ਨੂੰ ਸਵੀਕਾਰ ਕਰਨਾ ਹੋਵੇਗਾ ਕਿ ਮਾਮਲਿਆਂ ਦਾ ਲੰਬਿਤ ਰਹਿਣਾ ਇਕ ਵੱਡੀ ਚੁਣੌਤੀ ਹੈ ਅਤੇ ਇਨ੍ਹਾਂ ਵੱਲ ਪੂਰਾ ਧਿਆਨ ਨਾ ਦੇ ਸਕਣ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ‘ਅਸੀਂ ਤਾਂ ਸਾਰੇ ਦਿਨ ਅੱਗ ਬੁਝਾਉਣ ‘ਚ ਰੁੱਝੇ ਰਹਿੰਦੇ ਹਾਂ’ | ਚੀਫ਼ ਜਸਟਿਸ ਨੇ ਆਪਣੇ ਪਹਿਲੇ ਵਿਦਾਇਗੀ ਭਾਸ਼ਣ ‘ਚ ਕਿਹਾ ਕਿ ਜਦੋਂ ਤੱਕ ਸੰਸਥਾ ਦੀ ਭਰੋਸੇਯੋਗਤਾ ਦਾ ਰਾਖੀ ਨਹੀਂ ਕੀਤੀ ਜਾਂਦੀ, ਇਸ ਅਦਾਲਤ ਦੇ ਅਧਿਕਾਰੀ ਹੋਣ ਨਾਤੇ ਲੋਕਾਂ ਤੇ ਸਮਾਜ ਤੋਂ ਸਨਮਾਨ ਨਹੀਂ ਮਿਲ ਸਕਦਾ | ਉਨ੍ਹਾਂ ਕਿਹਾ ਆਉ ਅਸੀਂ ਸਾਰੇ ਆਮ ਆਦਮੀ ਨੂੰ ਤੇਜ਼ੀ ਨਾਲ ਤੇ ਸਸਤਾ ਨਿਆਂ ਦੇਣ ਦੀ ਪ੍ਰਕਿਰਿਆ ‘ਚ ਚਰਚਾ ਤੇ ਸੰਵਾਦ ਨਾਲ ਅੱਗੇ ਵਧੀਏ |
