ਭਾਰਤ ਨੇ ਕੋਵਿਡ-19 ਖਿਲਾਫ਼ ਵੈਸਕੀਨੇਸ਼ਨ ਪ੍ਰੋਗਰਾਮ ਤਹਿਤ 200 ਕਰੋੜ ਕੋਵਿਡ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ ਕਰ ਕੇ ਐਤਵਾਰ ਨੂੰ ਇਕ ਮੀਲ-ਪੱਥਰ ਸਥਾਪਿਤ ਕੀਤਾ ਹੈ | ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਨੇ ਕੋਵਿਡ-19 ਖ਼ਿਲਾਫ਼ ਲੜਾਈ ਨੂੰ ਤਾਕਤ ਦਿੱਤੀ ਹੈ | ਪ੍ਰਧਾਨ ਮੰਤਰੀ ਮੋਦੀ ਨੇ ਇਕ ਟਵੀਟ ‘ਚ ਕਿਹਾ, ਭਾਰਤ ਨੇ ਦੁਬਾਰਾ ਇਤਿਹਾਸ ਸਿਰਜਿਆ ਹੈ, 200 ਕਰੋੜ ਵੈਕਸੀਨ ਖੁਰਾਕਾਂ ਦਾ ਅੰਕੜਾ ਪਾਰ ਕਰਨ ‘ਤੇ ਸਮੂਹ ਭਾਰਤੀਆਂ ਨੂੰ ਵਧਾਈ, ਭਾਰਤ ਦੀ ਵੈਕਸੀਨੇਸ਼ਨ ਮੁਹਿੰਮ ਨੂੰ ਸਿਖਰ ‘ਤੇ ਪਹੁੰਚਾਉਣ ‘ਚ ਯੋਗਦਾਨ ਦੇਣ ਵਾਲਿਆਂ ‘ਤੇ ਮਾਣ ਹੈ | ਇਸ ਨੇ ਕੋਵਿਡ-19 ਖ਼ਿਲਾਫ਼ ਕੌਮਾਂਤਰੀ ਲੜਾਈ ਨੂੰ ਸ਼ਕਤੀ ਦਿੱਤੀ ਹੈ | ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਇਸ ਪ੍ਰਾਪਤੀ ‘ਤੇ ਨਾਗਰਿਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਨੇ ਕੇਵਲ 18 ਮਹੀਨਿਆਂ ‘ਚ ਕੋਵਿਡ ਦੀਆਂ 200 ਕਰੋੜ ਖੁਰਾਕਾਂ ਦਾ ਟੀਚਾ ਪਾਰ ਕਰਕੇ ਨਵਾਂ ਰਿਕਾਰਡ ਦਰਜ ਕੀਤਾ ਹੈ | ਸਿਹਤ ਮੰਤਰਾਲੇ ਦੇ ਅੰਕੜੇ ਅਨੁਸਾਰ 98 ਫੀਸਦੀ ਆਬਾਦੀ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਈ ਹੈ, ਜਦਕਿ 90 ਫੀਸਦੀ ਲੋਕਾਂ ਦੀ ਮੁਕੰਮਲ ਵੈਕਸੀਨੇਸ਼ਨ ਹੋ ਚੁੱਕੀ ਹੈ | 15 ਤੋਂ 18 ਸਾਲ ਉਮਰ ਦੇ 82 ਫੀਸਦੀ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ 3 ਜਨਵਰੀ ਤੱਕ ਮੁਕੰਮਲ ਹੋ ਚੁੱਕੀ ਹੈ, ਜਦਕਿ 68 ਫੀਸਦੀ ਲੋਕ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰ ਚੁੱਕੇ ਹਨ |
