ਵਾਤਾਵਰਨ ਦੀ ਸਾਂਭ-ਸੰਭਾਲ ਲਈ ਗ੍ਰੀਨ ਰਣਨੀਤਕ ਭਾਈਵਾਲ ਬਣੇ ਭਾਰਤ ਅਤੇ ਡੈਨਮਾਰਕ ਨੇ ਆਪਣੇ ਸੰਬੰਧਾਂ ਦਾ ਦਾਇਰਾ ਹੋਰ ਵਧਾਉਣ ਲਈ ਸਨਿਚਰਵਾਰ ਨੂੰ ਵਿਆਪਕ ਚਰਚਾ ਕੀਤੀ | ਭਾਰਤ ਦੇ 3 ਦਿਨਾ ਦੌਰੇ ‘ਤੇ ਆਈ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟ ਫਰੈਡਰਿਕਸਨ ਨੇ ਹੈਦਰਾਬਾਦ ਹਾਊਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ, ਜਿਸ ‘ਚ ਦੋਵਾਂ ਧਿਰਾਂ ਨੇ ਭਾਰਤ-ਡੈਨਮਾਰਕ ਗ੍ਰੀਨ ਰਣਨੀਤਕ ਭਾਈਵਾਲੀ ‘ਚ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਜਲਵਾਯੂ ਤਬਦੀਲੀ, ਨਵਿਆਉਣਯੋਗ ਊਰਜਾ, ਪਾਣੀ ਪ੍ਰਬੰਧਨ, ਸਿਹਤ ਤੇ ਖੇਤੀਬਾੜੀ ਵਰਗੇ ਪ੍ਰਮੁੱਖ ਖੇਤਰਾਂ ‘ਚ ਆਪਸੀ ਸਹਿਯੋਗ ਵਧਾਉਣ ਦੇ ਟੀਚੇ ‘ਤੇ ਧਿਆਨ ਦਿੱਤਾ | ਦੋਵਾਂ ਦੇਸ਼ਾਂ ਵਲੋਂ ਇਸ ਮੌਕੇ ਸਾਇੰਸ ਅਤੇ ਤਕਨਾਲੋਜੀ, ਜਲਵਾਯੂ ਵਾਤਾਵਰਨ ਤਬਦੀਲੀ ਅਤੇ ਹੁਨਰ ਵਿਕਾਸ ਦੇ ਖੇਤਰਾਂ ‘ਚ 4 ਸਮਝੌਤੇ ਵੀ ਸਹੀਬੱਧ ਕੀਤੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਡੀਆ ਨੂੰ ਮੁਲਾਕਾਤ ਦਾ ਬਿਉਰਾ ਦਿੰਦਿਆਂ ਕਿਹਾ ਕਿ ਇਕ ਸਾਲ ਪਹਿਲਾਂ ਵਰਚੂਅਲ ਸਿਖਰ ਸੰਮੇਲਨ ‘ਚ ਭਾਰਤ ਅਤੇ ਡੈਨਮਾਰਕ ਨੇ ਗ੍ਰੀਨ ਰਣਨੀਤਕ ਭਾਈਵਾਲੀ ‘ਚ ਸ਼ਾਮਿਲ ਹੋਣ ਦਾ ਇਤਿਹਾਸਕ ਫ਼ੈਸਲਾ ਲਿਆ ਸੀ, ਜੋ ਕਿ ਦੋਵਾਂ ਦੇਸ਼ਾਂ ਵਲੋਂ ਵਾਤਾਵਰਨ ਦੇ ਸਨਮਾਨ ਅਤੇ ਦੂਰਗਾਮੀ ਸੋਚ ਦਾ ਸੰਕੇਤ ਹੈ | ਪ੍ਰਧਾਨ ਮੰਤਰੀ ਨੇ ਹੈਦਰਾਬਾਦ ਹਾਊਸ ਵਿਖੇ ਹੋਈ ਗੱਲਬਾਤ ਨੂੰ ਉਸਾਰੂ ਕਰਾਰ ਦਿੰਦਿਆਂ ਕਿਹਾ ਕਿ ਦੋਵਾਂ ਧਿਰਾਂ ਨੇ ਪ੍ਰਭਾਵੀ ਸਪਲਾਈ ਚੇਨ, ਪਾਣੀ ਦੇ ਵਸੀਲਿਆਂ ਦਾ ਸਮਾਰਟ ਪ੍ਰਬੰਧਨ ਅਤੇ ਖੇਤੀਬਾੜੀ ਉਤਪਾਦਕਤਾ ‘ਚ ਵਾਧਾ ਕਰਨ ਲਈ ਖੇਤੀਬਾੜੀ ਖੇਤਰ ਨਾਲ ਸਬੰਧਿਤ ਤਕਨਾਲੋਜੀ ‘ਚ ਸਹਿਯੋਗ ਵਧਾਉਣ ਦਾ ਫ਼ੈਸਲਾ ਕੀਤਾ ਹੈ | ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਡੈਨਮਾਰਕ ਦੇ ਸਹਿਯੋਗ ਨੂੰ ਬੇਮਿਸਾਲ ਕਰਾਰ ਦਿੰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦਾ ਸਹਿਯੋਗ ਇਹ ਦਰਸਾਉਂਦਾ ਹੈ ਕਿ ਕਿਵੇਂ ਗ੍ਰੀਨ ਵਿਕਾਸ ਅਤੇ ਗ੍ਰੀਨ ਬਦਲਾਅ ਨਾਲ-ਨਾਲ ਚੱਲ ਸਕਦੇ ਹਨ | ਮੇਨ ਫਰੈਡਰਿਕਸਨ ਨੇ ਭਾਰਤ ਨੂੰ ਕਰੀਬੀ ਭਾਈਵਾਲ ਦੱਸਦਿਆਂ ਕਿਹਾ ਕਿ ਉਨ੍ਹਾਂ ਭਾਰਤ ਸਰਕਾਰ ਨੂੰ ਭਾਰਤ ਸਮੇਤ ਪੂਰੀ ਦੁਨੀਆ ‘ਚ ਗ੍ਰੀਨ ਬਦਲਾਅ ਦੇ ਮੁੱਦੇ ਦੀ ਜ਼ਿੰਮੇਵਾਰੀ ਲੈਂਦਿਆਂ ਵੇਖਿਆ ਹੈ | ਉਨ੍ਹਾਂ ਕਿਹਾ ਕਿ ਉਹ ਇਸ ਦੌਰੇ ਨੂੰ ਡੈਨਮਾਰਕ ਅਤੇ ਭਾਰਤ ਦੇ ਦੁਵੱਲੇ ਸੰਬੰਧਾਂ ਲਈ ਇਕ ਮੀਲ ਪੱਥਰ ਵਜੋਂ ਵੇਖਦੇ ਹਨ | ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡੈਨਮਾਰਕ ਆਉਣ ਦਾ ਸੱਦਾ ਦਿੱਤਾ, ਜੋ ਕਿ ਉਨ੍ਹਾਂ ਪ੍ਰਵਾਨ ਕਰ ਲਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਫਰੈਡਰਿਕਸਨ ਨੇ ਉਨ੍ਹਾਂ ਨੂੰ ਦੁਨੀਆ ਲਈ ਪ੍ਰੇਰਨਾ ਸਰੋਤ ਦੱਸਦਿਆਂ ਮੋਦੀ ਵਲੋਂ ਸ਼ੁਰੂ ਕੀਤੀ ਜਲ ਜੀਵਨ ਮਿਸ਼ਨ ਦੀ ਵੀ ਸ਼ਲਾਘਾ ਕੀਤੀ | ਮੋਦੀ ਤੇ ਫਰੈਡਰਿਕਸਨ ਵਿਚਾਲੇ ਦੁਵੱਲੀ ਗੱਲਬਾਤ ਦੌਰਾਨ ਭਾਰਤ ਨੇ 1995 ਦੇ ਪੁਰੂਲੀਆ ਹਥਿਆਰ ਸੁੱਟਣ ਦੇ ਮਾਮਲੇ ‘ਚ ਮੁੱਖ ਸਾਜਿਸ਼ਕਰਤਾ ਕਿਮ ਡੈਵੀ ਦੀ ਹਵਾਲਗੀ ਦੀ ਮੁੱਦਾ ਵੀ ਚੁੱਕਿਆ ਗਿਆ | ਵਿਦੇਸ਼ ਮੰਤਰਾਲੇ ਦੀ ਸਕੱਤਰ (ਪੱਛਮ) ਰੀਨਤ ਸੰਧੂ ਨੇ ਦੱਸਿਆ ਕਿ ਦੋਵੇਂ ਦੇਸ਼ ਇਸ ‘ਤੇ ਕੰਮ ਕਰ ਰਹੇ ਹਨ |
