ਪੰਜਾਬ ਦੇ ਦਿਹਾਤੀ ਖੇਤਰਾਂ ‘ਚ ਭਾਜਪਾ ਵਲੋਂ ਆਪਣਾ ਆਧਾਰ ਮਜ਼ਬੂਤ ਕਰਨ ਅਤੇ ਸੂਬੇ ਦੇ ਸਿੱਖ ਭਾਈਚਾਰੇ ਤੇ ਕਿਸਾਨੀ ਨਾਲ ਪੁਰਾਣੀ ਕੁੜੱਤਣ ਖ਼ਤਮ ਕਰਨ ਲਈ ਭਾਜਪਾ ਵਲੋਂ ਨਵੀਂ ਰਣਨੀਤੀ ‘ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਭਾਜਪਾ ਆਉਂਦੀਆਂ ਸੰਸਦੀ ਚੋਣਾਂ ਇਕੱਲਿਆਂ ਆਪਣੀ ਤਾਕਤ ਦੇ ਬਲਬੂਤੇ ਲੜਨ ਦੀ ਤਿਆਰੀ ਕਰ ਰਹੀ ਹੈ | ‘ਅਜੀਤ’ ਵਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਭਾਜਪਾ ਵਲੋਂ ਜੁਲਾਈ ਦੌਰਾਨ 90, ਜੂਨ ‘ਚ 96 ਅਤੇ ਮਈ ਦੌਰਾਨ 66 ਮੀਟਿੰਗਾਂ ਸੂਬੇ ਭਰ ‘ਚ ਕੀਤੀਆਂ ਗਈਆਂ ਅਤੇ ਪਾਰਟੀ ਪ੍ਰੋਗਰਾਮਾਂ ਲਈ ਹਰ ਹਫ਼ਤੇ 2-3 ਕੇਂਦਰੀ ਮੰਤਰੀ ਜਾਂ ਆਗੂ ਵੀ ਇਸ ਮੰਤਵ ਲਈ ਪੰਜਾਬ ਆਉਂਦੇ ਰਹੇ | ਇਸ ਸਮੇਂ ਦੌਰਾਨ ਪੰਜਾਬ ਦੇ ਸਾਰੇ ਖੇਤਰਾਂ ‘ਚ ਹੇਠਲੇ ਪੱਧਰ ਦੇ ਆਗੂਆਂ ਨੂੰ ਵੀ ਭਾਜਪਾ ‘ਚ ਸ਼ਾਮਿਲ ਕੀਤਾ ਗਿਆ ਅਤੇ ਇਨ੍ਹਾਂ ‘ਚੋਂ ਬਹੁਤੇ ਦਿਹਾਤੀ ਖੇਤਰਾਂ ਤੋਂ ਸਨ | ਇਸ ਤੋਂ ਇਲਾਵਾ ਆਰ.ਐਸ.ਐਸ. ਵਲੋਂ ਵੀ ਹਰ ਮਹੀਨੇ ਸੂਬੇ ‘ਚ ਇਕ ਤੋਂ ਦੋ ਦਰਜਨ ਥਾਵਾਂ ‘ਤੇ ਮੀਟਿੰਗਾਂ ਰੱਖੀਆਂ ਜਾ ਰਹੀਆਂ ਹਨ | ਅੱਜ ਭਾਜਪਾ ਹਾਈਕਮਾਨ ਵਲੋਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਭਾਈ ਰੁਪਾਣੀ ਨੂੰ ਪੰਜਾਬ ਲਈ ਇੰਚਾਰਜ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਗਿਆ | ਰੁਪਾਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੀ ਨਜ਼ਦੀਕੀ ਹਨ ਤੇ ਸ਼ਾਇਦ ਉਨ੍ਹਾਂ ਵਲੋਂ ਹੀ ਪੰਜਾਬ ਲਈ ਰੁਪਾਣੀ ਦੀ ਚੋਣ ਕੀਤੀ ਗਈ ਹੈ | ਬੀਤੇ ਕੁਝ ਦਿਨਾਂ ਤੋਂ ਸੂਬੇ ਵਿਚਲੇ ਜਥੇਬੰਦਕ ਢਾਂਚੇ ਵਿਚ ਫੇਰਬਦਲ ਅਤੇ ਦੂਜੀਆਂ ਪਾਰਟੀਆਂ ਤੋਂ ਆਏ ਸਾਬਕਾ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਨੂੰ ਵੀ ਪਾਰਟੀ ਢਾਂਚੇ ‘ਚ ਥਾਂ ਦੇਣ ਸੰਬੰਧੀ ਜੋ ਚਰਚੇ ਚੱਲ ਰਹੇ ਸਨ, ਹੁਣ ਪਤਾ ਲੱਗਾ ਹੈ ਕਿ ਇਸ ਸੰਬੰਧੀ ਫ਼ੈਸਲਾ ਤੇ ਐਲਾਨ 25 ਸਤੰਬਰ ਨੂੰ ਸਰਾਧ ਖ਼ਤਮ ਹੋਣ ਤੋਂ ਬਾਅਦ ਹੀ ਸੰਭਵ ਹੋ ਸਕੇਗਾ | ਪਾਰਟੀ ਸੂਤਰਾਂ ਅਨੁਸਾਰ ਕਿਉਂਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਤਿੰਨ ਸਾਲਾਂ ਦਾ ਕਾਰਜਕਾਲ ਜਨਵਰੀ 2023 ‘ਚ ਖ਼ਤਮ ਹੋਣਾ ਹੈ, ਇਸ ਲਈ ਇਸ ਮੌਕੇ ਸੂਬੇ ਦੇ ਜਥੇਬੰਦਕ ਢਾਂਚੇ ‘ਚ ਹੀ ਰੱਦੋਬਦਲ ਹੋਵੇਗਾ ਅਤੇ ਮਗਰਲੇ ਕੁਝ ਮਹੀਨਿਆਂ ਦੌਰਾਨ ਪਾਰਟੀ ‘ਚ ਸ਼ਾਮਿਲ ਹੋਏ ਆਗੂਆਂ ਤੇ ਪੁਰਾਣੇ ਅਹੁਦੇਦਾਰਾਂ ‘ਚ ਅਹੁਦਿਆਂ ਦੀ ਵੰਡ ਹੋਵੇਗੀ | ਵਰਨਣਯੋਗ ਹੈ ਕਿ ਪਾਰਟੀ ਮੁੱਖ ਤੌਰ ‘ਤੇ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਸੋਢੀ, ਰਾਜ ਕੁਮਾਰ ਵੇਰਕਾ, ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਫਤਹਿਜੰਗ ਸਿੰਘ ਬਾਜਵਾ, ਅਰਵਿੰਦ ਖੰਨਾ, ਕੇਵਲ ਸਿੰਘ ਢਿੱਲੋਂ, ਹਰਜੋਤ ਕਮਲ, ਪਰਮਿੰਦਰ ਸਿੰਘ ਬਰਾੜ ਆਦਿ ਨੂੰ ਥਾਂ ਦੇਣਾ ਚਾਹੁੰਦੀ ਹੈ, ਪਰ ਸਮਝਿਆ ਜਾਂਦਾ ਹੈ ਕਿ ਸੁਨੀਲ ਜਾਖੜ ਨੂੰ ਸੀਨੀਆਰਤਾ ਕਾਰਨ ਸੂਬੇ ਦੀ ਥਾਂ ਕੌਮੀ ਪੱਧਰ ਦੇ ਢਾਂਚੇ ‘ਚ ਕੋਈ ਥਾਂ ਦਿੱਤੀ ਜਾਵੇਗੀ | ਭਾਜਪਾ ਇਹ ਵੀ ਸਮਝਦੀ ਹੈ ਕਿ ਜਾਖੜ ਦਾ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀ ਕਿਰਸਾਨੀ ‘ਚ ਵੱਡਾ ਸਤਿਕਾਰ ਹੈ, ਪਰ ਪੰਜਾਬ ਦੀ ਕਿਰਸਾਨੀ ਤੇ ਸਿੱਖ ਵੋਟ ਬੈਂਕ ਦਾ ਵਿਸ਼ਵਾਸ ਜਿੱਤਣ ਲਈ ਭਾਜਪਾ ਕੀ ਰਣਨੀਤੀ ਅਪਨਾਏਗੀ, ਇਹ ਵੇਖਣ ਵਾਲੀ ਗੱਲ ਹੋਵੇਗੀ | ਭਾਜਪਾ ਨੂੰ ਇਹ ਅਹਿਸਾਸ ਜ਼ਰੂਰ ਹੈ ਕਿ ਸਿੱਖ ਵੋਟ ਬੈਂਕ ਦਾ ਵੱਡਾ ਹਿੱਸਾ ਇਸ ਵੇਲੇ ਅਕਾਲੀ ਦਲ ਤੇ ਹੁਣ ਆਮ ਆਦਮੀ ਪਾਰਟੀ ਤੋਂ ਵੀ ਨਾਖ਼ੁਸ਼ ਨਜ਼ਰ ਆ ਰਿਹਾ ਹੈ | ਦੂਜੀਆਂ ਪਾਰਟੀਆਂ ਤੋਂ ਭਾਜਪਾ ‘ਚ ਆਉਣ ਦੇ ਚਾਹਵਾਨ ਕਈ ਆਗੂ ਜਿਨ੍ਹਾਂ ਸੰਬੰਧੀ ਭਾਜਪਾ ਹਾਈਕਮਾਨ ਕੋਈ ਫ਼ੈਸਲਾ ਨਹੀਂ ਲੈ ਰਹੀ ਸੀ, ਦੇ ਮੁੱਦੇ ‘ਤੇ ਵੀ ਭਾਜਪਾ ਸੂਬੇ ‘ਚ ਢਾਂਚੇ ਦੇ ਫੇਰਬਦਲ ਤੋਂ ਬਾਅਦ ਫ਼ੈਸਲਾ ਲਵੇਗੀ |
