ਭਗੌੜਾ ਐਲਾਨ ਕਰ ਦਿੱਤੇ ਗਏ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਅੰਮ੍ਰਿਤਪਾਲ ਸਿੰਘ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਵਫ਼ਾਦਾਰ ਦੀ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਨਸ਼ਰ ਹੋ ਰਹੀਆਂ ਹਨ। ਖ਼ਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਹਿਯੋਗੀ ਜੋਗਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਅੰਮ੍ਰਿਤਪਾਲ ਦਾ ਵਫ਼ਾਦਾਰ ਦੱਸਿਆ ਜਾ ਰਿਹਾ ਹੈ।

ਹੁਣ ਜਦੋਂ ਇਹ ਫੜਿਆ ਗਿਆ ਹੈ ਤਾਂ ਮੰਨਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ‘ਚ ਪੁਲਿਸ ਇਸ ਤੋਂ ਅੰਮ੍ਰਿਤਪਾਲ ਨਾਲ ਜੁੜੇ ਕਈ ਅਹਿਮ ਰਾਜ਼ ਕੱਢ ਸਕਦੀ ਹੈ। ਖ਼ੁਫ਼ੀਆ ਸੂਤਰਾਂ ਅਨੁਸਾਰ ਵਿਸਾਖੀ ਤੋਂ ਪਹਿਲਾਂ ਅੰਮ੍ਰਿਤਪਾਲ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਆਤਮ ਸਮਰਪਣ ਕਰ ਸਕਦਾ ਹੈ। ਅੰਮ੍ਰਿਤਪਾਲ ਬਠਿੰਡਾ ਵਿੱਚ ਦਮਦਮਾ ਸਾਹਿਬ ਜਾਂ ਆਨੰਦਪੁਰ ਸਾਹਿਬ ਜ਼ਿਲ੍ਹੇ ਵਿੱਚ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਆਤਮ ਸਮਰਪਣ ਕਰਨ ਲਈ ਵੀ ਤਿਆਰ ਹੈ।
ਸੂਤਰਾਂ ਅਨੁਸਾਰ ਹੁਸ਼ਿਆਪੁਰ ‘ਚ ਅੰਮ੍ਰਿਤਪਾਲ ਆਪਣੇ ਸਾਥੀ ਪਪਲਪ੍ਰੀਤ ਅਤੇ ਡਰਾਈਵਰ ਜੋਗਾ ਸਿੰਘ ਦੇ ਨਾਲ ਫਰਾਰ ਹੋਇਆ ਸੀ। ਪੰਜਾਬ ਪੁਲਿਸ ਜੋਗਾ ਸਿੰਘ ਦਾ ਮੋਬਾਇਲ ਫੋਨ ਟ੍ਰੈਕ ਕਰ ਰਹੀ ਸੀ ਅਤੇ ਉਸ ਆਧਾਰ ‘ਤੇ ਅੰਮ੍ਰਿਤਪਾਲ ਦੀ ਲੋਕੇਸ਼ਨ ਟ੍ਰੈਕ ਕਰ ਰਹੀ ਸੀ।
