ਪਿਛਲੇ ਸਾਲ ਝੋਨੇ ਦੀ ਫ਼ਸਲ ਨੂੰ ਬਰਬਾਦ ਕਰਨ ਵਾਲੇ ਹੜ੍ਹਾਂ ਦੀ ਮਾਰ ਝੱਲਣ ਤੋਂ ਬਾਅਦ ਪੰਜਾਬ ਦੇ ਕਿਸਾਨ ਹੁਣ ਮੁੜ ਸਹਿਮੇ ਹੋਏ ਹਨ ਕਿਉਂਕਿ ਇਸ ਹਫ਼ਤੇ ਉੱਤਰੀ ਭਾਰਤ ਵਿੱਚ ਲਗਾਤਾਰ ਦੋ ਪੱਛਮੀ ਗੜਬੜੀਆਂ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨੇ ਕਣਕ ਦੀ ਬੰਪਰ ਪੈਦਾਵਾਰ ਦੀਆਂ ਉਮੀਦਾਂ ਨੂੰ ਧੁੰਦਲਾ ਕਰ ਦਿੱਤਾ ਹੈ।
ਸੂਬੇ ਭਰ ਵਿੱਚ 34 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਕਣਕ ਬੀਜੀ ਗਈ ਹੈ। ਕਣਕ ਦੀ ਵਾਢੀ ਕਰਨ ਵਾਲੇ ਕਿਸਾਨ ਜਿੱਥੇ ਕਿਸੇ ਸੰਭਾਵੀ ਮੁਸੀਬਤ ਤੋਂ ਡਰ ਰਹੇ ਹਨ, ਉੱਥੇ ਹੀ ਗੰਨਾ ਉਤਪਾਦਕ ਵੀ ਇਸ ਸਾਲ ਘੱਟ ਝਾੜ ਕਾਰਨ ਪਰੇਸ਼ਾਨ ਹਨ। 30-31 ਮਾਰਚ ਨੂੰ ਪਏ ਮੀਂਹ ਨੇ ਪੂਰੇ ਮਾਲਵਾ ਖੇਤਰ ਵਿੱਚ ਨੁਕਸਾਨ ਪਹੁੰਚਾਇਆ ਹੈ। ਇਸ ਦੌਰਾਨ ਤੇਜ਼ ਹਵਾਵਾਂ, ਗੜਿਆਂ ਅਤੇ ਮੀਂਹ ਤੋਂ ਬਾਅਦ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਬਰਨਾਲਾ, ਤਰਨ ਤਾਰਨ, ਫਾਜ਼ਿਲਕਾ, ਮਾਨਸਾ, ਸੰਗਰੂਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਤੋਂ ਫ਼ਸਲਾਂ ਵਿਛਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ।
ਮੌਸਮ ਦੀ ਭਵਿੱਖਬਾਣੀ ਅਨੁਸਾਰ ਇੱਕ ਹੋਰ ਪੱਛਮੀ ਗੜਬੜੀ 3-4 ਅਪਰੈਲ ਨੂੰ ਖੇਤਰ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ 7-9 ਅਪਰੈਲ ਤੱਕ ਦੂਜਾ ਦੌਰ ਆਵੇਗਾ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, “ਕਿਸਾਨਾਂ ਨੇ ਪੂਰਾ ਸਾਲ ਨੁਕਸਾਨ ਝੱਲਿਆ ਹੈ—ਪਹਿਲਾਂ ਹੜ੍ਹਾਂ ਨੇ ਝੋਨੇ ਦਾ ਨੁਕਸਾਨ ਕੀਤਾ, ਬਾਅਦ ਵਿੱਚ ਮੱਕੀ, ਮਟਰ ਅਤੇ ਆਲੂਆਂ ਦੀਆਂ ਕੀਮਤਾਂ ਡਿੱਗ ਗਈਆਂ ਅਤੇ ਹੁਣ ਗੰਨੇ ਦੇ ਝਾੜ ਵਿੱਚ ਭਾਰੀ ਗਿਰਾਵਟ ਆਈ ਹੈ।”
ਗੰਨੇ ਦੇ ਉਤਪਾਦਨ ਵਿੱਚ ਕਾਫ਼ੀ ਕਮੀ ਆਈ ਹੈ, ਜਿਸ ਨਾਲ ਝਾੜ ਲਗਪਗ 450 ਕੁਇੰਟਲ ਪ੍ਰਤੀ ਏਕੜ ਤੋਂ ਘਟ ਕੇ ਲਗਪਗ 275 ਕੁਇੰਟਲ ਪ੍ਰਤੀ ਏਕੜ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਖ਼ਰਾਬ ਹੋਏ ਮੌਸਮ ਕਾਰਨ ਕਣਕ ਦਾ 15-20 ਫ਼ੀਸਦੀ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਹੈ, ਅਤੇ ਚਿਤਾਵਨੀ ਦਿੱਤੀ ਕਿ ਹੋਰ ਮੀਂਹ ਨਾ ਪੂਰਾ ਹੋਣ ਵਾਲਾ ਨੁਕਸਾਨ ਕਰ ਸਕਦਾ ਹੈ। ਬਹੁਤੇ ਕਿਸਾਨ ਭਾਰੀ ਕਰਜ਼ੇ ਦਾ ਸਾਹਮਣਾ ਕਰ ਰਹੇ ਹਨ ਅਤੇ ਫ਼ਸਲ ਦਾ ਕੋਈ ਵੀ ਨੁਕਸਾਨ ਅਸਲ ਵਿੱਚ ਪੇਂਡੂ ਆਰਥਿਕਤਾ ਦਾ ਨੁਕਸਾਨ ਹੈ।
ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਗੁਰਜੀਤ ਸਿੰਘ ਬਰਾੜ ਅਤੇ ਪੀਏਯੂ ਦੇ ਡਾਇਰੈਕਟਰ ਪਸਾਰ ਸਿੱਖਿਆ ਡਾ. ਐੱਮ ਐੱਸ ਭੁੱਲਰ ਨੇ ਦੱਸਿਆ ਕਿ ਨੁਕਸਾਨ ਦਾ ਜਾਇਜ਼ਾ ਲੈਣ ਲਈ ਖੇਤੀਬਾੜੀ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਦੀਆਂ ਸਰਵੇਖਣ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ।
ਇਸ ਦੌਰਾਨ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸੰਦੀਪ ਗਰੇਵਾਲ ਨੇ ਕਿਹਾ ਕਿ ਕੁਝ ਖ਼ਾਸ ਇਲਾਕਿਆਂ ਨੂੰ ਛੱਡ ਕੇ ਫਲਾਂ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਦਾ ਹੁਣ ਤੱਕ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਜਲਵਾਯੂ ਤਬਦੀਲੀ ਅਤੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਦੀ ਮੁਖੀ ਪਵਨੀਤ ਕੌਰ ਕਿੰਗਰਾ ਨੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਖੇਤਾਂ ਦੀ ਸਿੰਚਾਈ ਨਾ ਕਰਨ ਦੀ ਸਲਾਹ ਦਿੱਤੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਜਗਸੀਰ ਸਿੰਘ ਨੇ ਦੱਸਿਆ ਕਿ ਇਕੱਲੇ ਮੁਕਤਸਰ ਜ਼ਿਲ੍ਹੇ ਵਿੱਚ ਹੀ ਲਗਭਗ 35,000 ਏਕੜ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ, ਜਿਸ ਵਿੱਚ 50 ਤੋਂ 75 ਫ਼ੀਸਦੀ ਤੱਕ ਨੁਕਸਾਨ ਹੋਇਆ ਹੈ। ਇਸ ਨੁਕਸਾਨ ਵਿੱਚ ਮਲੋਟ ਬਲਾਕ ਵਿੱਚ ਲਗਪਗ 7,000 ਏਕੜ, ਗਿੱਦੜਬਾਹਾ ਵਿੱਚ 500 ਏਕੜ, ਮੁਕਤਸਰ ਬਲਾਕ ਵਿੱਚ 10,000 ਏਕੜ ਅਤੇ ਲੰਬੀ ਵਿੱਚ ਲਗਭਗ 17,500 ਏਕੜ ਰਕਬਾ ਸ਼ਾਮਲ ਹੈ।
ਕਣਕ ਦੀ ਖ਼ਰੀਦ ਦਾ ਸੀਜ਼ਨ ਅਧਿਕਾਰਤ ਤੌਰ ’ਤੇ 1 ਅਪਰੈਲ ਤੋਂ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੁਚਾਰੂ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਹਨ। 1,897 ਤੋਂ ਵੱਧ ਖ਼ਰੀਦ ਕੇਂਦਰ ਨੋਟੀਫਾਈ ਕੀਤੇ ਗਏ ਹਨ ਅਤੇ ਘੱਟੋ-ਘੱਟ ਸਮਰਥਨ ਮੁੱਲ (MSP) 2,585 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ।
