ਪਿਛਲੇ ਦਿਨੀਂ ਪੀਜੀਆਈ ਨੇ ਪੰਜਾਬ ਦੇ ਲੋਕਾਂ ਦਾ ਆਯੂਸ਼ਮਾਨ ਭਾਰਤ ਤਹਿਤ ਇਲਾਜ ਬੰਦ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਤੇ ਕੇਂਦਰੀ ਸਿਹਤ ਮੰਤਰੀ ਦੇ ਦਖ਼ਲ ਮਗਰੋਂ ਪੀਜੀਆਈ ਨੇ ਦੁਬਾਰਾ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਆਯੂਸ਼ਮਾਨ ਯੋਜਨਾ ਤਹਿਤ ਅਰੰਭ ਕੀਤਾ ਸੀ। ਇਸ ਦੌਰਾਨ ਪੰਜਾਬ ਵੱਲੋਂ ਪੀਜੀਆਈ ਪ੍ਰਸ਼ਾਸਨ ਨੂੰ ਬਕਾਇਆ 16 ਕਰੋੜ ਵਿੱਚੋਂ 10 ਕਰੋੜ ਰੁਪਏ ਦਿੱਤੇ ਗਏ। ਜਦਕਿ ਕਰੀਬ 15 ਦਿਨ ਬੀਤ ਜਾਣ ਦੇ ਬਾਵਜੂਦ ਬਕਾਇਆ 6 ਕਰੋੜ ਰੁਪਏ ਜਮ੍ਹਾਂ ਨਹੀਂ ਕਰਵਾਏ ਗਏ।
ਇਸ ਕਾਰਨ ਪੀਜੀਆਈ ਪ੍ਰਬੰਧਕਾਂ ਨੇ ਰਿਮਾਈਂਡਰ ਭੇਜਿਆ ਹੈ। ਕਾਬਿਲੇ ਜ਼ਿਕਰ ਹੈ ਕਿ ਪੀਜੀਆਈ ਵਿਚ ਹਰ ਮਹੀਨੇ ਇਕ ਤੋਂ ਡੇਢ ਹਜ਼ਾਰ ਲੋਕ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਇਲਾਜ ਲਈ ਆਉਂਦੇ ਹਨ। ਇਸ ਤੋਂ ਇਲਾਵਾ ਪੀਜੀਆਈ ਵਿਚ ਇਲਾਜ ਲਈ ਆਉਣ ਵਾਲੇ ਆਮ ਮਰੀਜ਼ਾਂ ਦੀ ਗੱਲ ਕਰੀਏ ਤਾਂ ਇਸ ਵਿਚ 40 ਫ਼ੀਸਦ ਲੋਕ ਪੰਜਾਬ ਵਿੱਚੋਂ ਆਉਂਦੇ ਹਨ। 60 ਫ਼ੀਸਦੀ ਮਰੀਜ਼ਾਂ ਵਿਚ ਹਰਿਆਣਾ, ਹਿਮਾਚਲ, ਚੰਡੀਗੜ੍ਹ, ਜੰਮੂ-ਕਸ਼ਮੀਰ ਤੇ ਹੋਰ ਸੂਬੇ ਸ਼ਾਮਲ ਹਨ।
