ਅੰਮ੍ਰਿਤਸਰ ਜ਼ਿਲ੍ਹਾ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦੋਵਾਂ ਮੁਲਜ਼ਮਾਂ ਨੇ ਪਹਿਲਾਂ ਪੁਲਿਸ ਨਾਕਾ ਤੋੜਿਆ, ਫਿਰ ਜਦੋਂ ਪੁਲਿਸ ਪਿੱਛਾ ਕਰਨ ਲੱਗੀ ਤਾਂ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਮੁਲਜ਼ਮਾਂ ਕੋਲੋਂ 14 ਕਰੋੜ ਰੁਪਏ ਦੇ ਨਜਾਇਜ਼ ਹਥਿਆਰ ਅਤੇ ਹੈਰੋਇਨ ਵੀ ਬਰਾਮਦ ਕੀਤੀ ਹੈ।ਜਾਣਕਾਰੀ ਅਨੁਸਾਰ ਬੁੱਧਵਾਰ ਸ਼ਾਮ ਨੂੰ ਦਿਹਾਤੀ ਪੁਲਿਸ ਨੇ ਜੰਡਿਆਲਾ ਗੁਰੂ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਲਜ਼ਮ ਇੱਕ ਬੋਲੈਰੋ ਕਾਰ ਵਿੱਚ ਨਾਕੇ ’ਤੇ ਪੁੱਜੇ, ਪਰ ਉਹ ਨਾ ਰੁਕੇ।
ਮੁਲਜ਼ਮਾਂ ਨੇ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ। ਪੁਲਿਸ ਨੂੰ ਵਾਪਸ ਆਉਂਦੀ ਵੇਖ ਮੁਲਜ਼ਮਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵਾਲੇ ਪਾਸੇ ਤੋਂ ਵੀ ਜਵਾਬੀ ਗੋਲੀਬਾਰੀ ਕੀਤੀ ਗਈ। ਮੁਲਜ਼ਮਾਂ ਨੂੰ 11 ਕਿਲੋਮੀਟਰ ਅੱਗੇ ਜਾ ਕੇ ਫੜ ਲਿਆ ਗਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਭੇਜ ਉਰਫ ਬਾਬਾ ਅਤੇ ਸ਼ਮਸ਼ੇਰ ਉਰਫ ਕਰਨ ਵਾਸੀ ਤਰਨਤਾਰਨ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਗੈਂਗਸਟਰ ਜੱਗੂ ਦੇ ਕਰੀਬੀ ਦੱਸੇ ਜਾਂਦੇ ਹਨ। ਗੁਰਭੇਜ ਉਰਫ ਬਾਬਾ 3 ਕਤਲ ਕੇਸਾਂ ਵਿੱਚ ਨਾਮਜ਼ਦ ਹੈ। ਪੁਲਸ ਨੇ ਦੋਵਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
