ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਤੋਂ ਪਹਿਲਾਂ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ।
ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਹਾ ਕੀ ਜਗੀਰ ਕੌਰ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਗਿਆ ਹੈ।
ਅਨੁਸਾਸ਼ਨੀ ਕਮੇਟੀ ਦੇ ਅਹੁਦੇਦਾਰਾਂ ਨੇ ਕਿਹਾ, ‘ਹੁਣ ਬੀਬੀ ਜਗੀਰ ਕੌਰ ਦਾ ਅਕਾਲੀ ਦਲ ਨਾਲ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ ਹੈ।’
ਦਰਅਸਲ, ਪਾਰਟੀ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਬੁੱਧਵਾਰ ਨੂੰ ਮੀਡੀਆ ਸਾਹਮਣੇ ਕਿਹਾ ਸੀ ਕਿ ਜਗੀਰ ਕੌਰ ਨੂੰ ਤਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ 48 ਘੰਟਿਆਂ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ।
ਮਲੂਕਾ ਨੇ ਕਿਹਾ ਕਿ ਜਗੀਰ ਕੌਰ ਮੀਡੀਆ ਸਾਹਮਣੇ ਆ ਕੇ ਐਲਾਨ ਕਰਨ ਕਿ ਉਹ ਐਸਜੀਪੀਸੀ ਚੋਣ ਨਹੀਂ ਲੜਨਗੇ।
ਬੀਬੀ ਜਗੀਰ ਕੌਰ ਦਾ ਜਵਾਬ ਦਾਖ਼ਲ ਕਰਨ ਦਾ ਅਲਟੀਮੇਟਮ ਸੋਮਵਾਰ ਤੱਕ ਵਧਾ ਦਿੱਤਾ ਗਿਆ ਸੀ ਪਰ ਬੀਬੀ ਆਪਣਾ ਜਵਾਬ ਦੇਣ ਲਈ ਪਾਰਟੀ ਦਫ਼ਤਰ ਨਹੀਂ ਪੁੱਜੇ।
ਚੰਡੀਗੜ੍ਹ ਵਿਚ ਇੱਕ ਪ੍ਰੈਸ ਕਾਨਫਰੰਸ ਕਰਕੇ ਜਗੀਰ ਕੌਰ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਫਾਰਗ ਕਰਨ ਦਾ ਐਲਾਨ ਕੀਤਾ ਗਿਆ।
ਸਿਕੰਦਰ ਸਿੰਘ ਮੂਲਕਾ ਨੇ ਇਲਜ਼ਾਮ ਲਾਇਆ ਕਿ ਜਗੀਰ ਕੌਰ ਪਿਛਲੇ ਕਈ ਮਹੀਨਿਆਂ ਤੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਲੌਬਿੰਗ ਕਰ ਰਹੇ ਸਨ।
ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਨਿੱਜੀ ਤੌਰ ਉੱਤੇ ਅਜਿਹਾ ਨਾ ਕਰਨ ਲ਼ਈ ਕਿਹਾ ਸੀ। ਪਾਰਟੀ ਦੇ ਕਈ ਹੋਰ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਪਾਰਟੀ ਦੇ ਫੈਸਲੇ ਖ਼ਿਲਾਫ਼ ਨਾ ਜਾਣ ਲਈ ਕਿਹਾ ਸੀ, ਪਰ ਉਹ ਨਹੀਂ ਮੰਨੇ।
ਮਲੂਕਾ ਮੁਤਾਬਕ ਜਗੀਰ ਨੇ ਅਨੁਸਾਸ਼ਨੀ ਕਮੇਟੀ ਕੋਲ ਵੀ ਸਪੱਸ਼ਟੀਕਰਨ ਨਹੀਂ ਦਿੱਤਾ ਅਤੇ ਕਈ ਮੌਕੇ ਦਿੱਤੇ ਜਾਣ ਦੇ ਬਾਵਜੂਦ ਉਹ ਪੇਸ਼ ਨਹੀਂ ਹੋਏ।
ਮੁਲਕਾ ਨੇ ਕਿਹਾ, ”ਇਸ ਲਈ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਫਾਰਗ ਕੀਤਾ ਗਿਆ ਹੈ, ਕੋਈ ਵੀ ਪਾਰਟੀ ਵਰਕਰ ਉਨ੍ਹਾਂ ਨਾਲ ਰਾਬਤਾ ਨਾ ਕਰਨ, ਉਨ੍ਹਾਂ ਦਾ ਹੁਣ ਪਾਰਟੀ ਨਾਲ ਕੋਈ ਵਾਹ ਵਾਸਤਾ ਨਹੀਂ ਹੈ।”
ਕੌਣ ਹਨ ਬੀਬੀ ਜਗੀਰ ਕੌਰ
ਬੀਬੀ ਜਗੀਰ ਕੌਰ ਪੰਜਾਬ ਦੀ ਸਿਆਸਤ ਦਾ ਵੱਡਾ ਪੰਥਕ ਚਿਹਰਾ ਹਨ। ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਮਹਿਲਾ ਪ੍ਰਧਾਨ ਬਣੇ ਸਨ।
ਗਣਿਤ ਵਿਸ਼ੇ ਦੀ ਅਧਿਆਪਕਾ ਤੋਂ ਲੈ ਕੇ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣਨ ਵਾਲੀ ਬੀਬੀ ਜਗੀਰ ਕੌਰ ਪੰਜਾਬ ਦੀ ਸਿਆਸਤ ਵਿੱਚ ਜਾਣਿਆ-ਮਾਣਿਆ ਨਾਂਅ ਹਨ।
ਆਪਣੇ ਕਰੀਅਰ ਦੌਰਾਨ ਉਹ ਨਿੱਜੀ ਜ਼ਿੰਦਗੀ ਤੋਂ ਲੈ ਕੇ ਧਾਰਮਿਕ ਅਤੇ ਸਿਆਸੀ ਤੌਰ ‘ਤੇ ਵਿਵਾਦਾਂ ਵਿੱਚ ਘਿਰੇ ਰਹੇ।
ਸਿੱਖ ਪੰਥ ਦੀ ਸਿਆਸੀ ਸਰਜ਼ਮੀਨ ‘ਤੇ ਬੀਬੀ ਜਗੀਰ ਕੌਰ ਹਮੇਸ਼ਾ ਸਰਗਰਮ ਰਹੇ। ਉਨ੍ਹਾਂ ਆਪਣੇ ਕਰੀਅਰ ਦੌਰਾਨ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਦੇਖੇ।
ਲਿਫਾਫੇ ਵਿੱਚੋਂ ਪ੍ਰਧਾਨ ਨਿਕਲਣ ਤੇ ਭਾਜਪਾ ਵਿੱਚ ਜਾਣ ਬਾਰੇ ਕੀ ਬੋਲੇ ਜਗੀਰ ਕੌਰ
ਆਓ ਜਾਣਦੇ ਹਾਂ ਉਨ੍ਹਾਂ ਦੇ ਸਿਆਸੀ ਅਤੇ ਧਾਰਮਿਕ ਜੀਵਨ ਬਾਰੇ ਕੁਝ ਖ਼ਾਸ ਗੱਲਾਂ –
- ਬੀਬੀ ਜਗੀਰ ਕੌਰ ਦਾ ਜਨਮ 15 ਅਕਤੂਬਰ, 1954 ਨੂੰ ਪਿਤਾ ਗੋਦਾਰਾ ਸਿੰਘ ਦੇ ਘਰ ਜਲੰਧਰ ਜ਼ਿਲ੍ਹੇ ਦੇ ਪਿੰਡ ਭਟਨੂਰਾ ਲੁਬਾਣਾ ‘ਚ ਹੋਇਆ।
- ਚੰਡੀਗੜ੍ਹ ਦੇ ਸਰਕਾਰੀ ਕਾਲਜ (ਕੁੜੀਆਂ) ਤੋਂ ਉਨ੍ਹਾਂ ਗ੍ਰੈਜੁਏਸ਼ਨ ਕੀਤੀ ਅਤੇ ਐੱਮਜੀਐੱਨ ਕਾਲਜ ਜਲੰਧਰ ਤੋਂ ਬੀਐੱਡ ਦੀ ਡਿਗਰੀ ਹਾਸਲ ਕੀਤੀ। ਉਸ ਤੋਂ ਬਾਅਦ ਹੀ ਉਨ੍ਹਾਂ ਦੀ ਨਿਯੁਕਤੀ ਬਤੌਰ ਸਕੂਲ ਅਧਿਆਪਿਕਾ ਹੋਈ।
- ਬੀਬੀ ਜਗੀਰ ਕੌਰ ਬੇਗੋਵਾਲ ਸੈਕੰਡਰੀ ਸਕੂਲ ਵਿੱਚ ਅਧਿਆਪਕਾ ਰਹਿ ਚੁੱਕੇ ਹਨ, ਉਨ੍ਹਾਂ ਦੇ ਪਤੀ ਦੀ ਮੌਤ ਬਰੇਨ ਕੈਂਸਰ ਕਾਰਨ 1982 ਵਿੱਚ ਹੋਈ ਸੀ
-
- ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ 1987 ਵਿੱਚ ਬੇਗੋਵਾਲ ਦੇ ਸੰਤ ਪ੍ਰੇਮ ਸਿੰਘ ਮੁਰਾਰੇਵਾਲਾ ਡੇਰੇ ਦੇ ਮੁਖੀ ਵਜੋਂ ਜ਼ਿੰਮੇਵਾਰੀ ਸੰਭਾਲੀ।
- ਮੁਰਾਰੇਵਾਲਾ ਡੇਰਾ ਦੀ ਮੁਖੀ ਬਣਨ ਤੋਂ ਬਾਅਦ ਹੀ ਬੀਬੀ ਜਗੀਰ ਕੌਰ ਸਮਾਜਿਕ ਤੇ ਧਾਰਮਿਕ ਗਲਿਆਰਿਆਂ ਵਿੱਚ ਨਾਮੀਂ ਆਗੂ ਵਜੋਂ ਉੱਭਰੇ।
- ਲੁਬਾਣਾ ਭਾਈਚਾਰਾ ਦੇ ਆਗੂ ਅਤੇ ਜਗੀਰ ਕੌਰ ਦੇ ਸਹੁਰਾ ਬਾਵਾ ਹਰਨਾਮ ਸਿੰਘ ਡੇਰੇ ਦੇ ਮੁਖੀ ਸਨ।
- 1995 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣੇ ਅਤੇ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਹੋਏ।
- ਲੁਬਾਣਾ ਭਾਈਚਾਰੇ ਵਿੱਚ ਚੰਗਾ ਪ੍ਰਭਾਵ ਰੱਖਣ ਕਰਕੇ 1996 ਵਿੱਚ ਜਗੀਰ ਕੌਰ ਐੱਸਜੀਪੀਸੀ ਦੇ ਮੈਂਬਰ ਬਣਾਏ ਗਏ।
- 1997 ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਜਗੀਰ ਕੌਰ ਨੇ ਭੁਲੱਥ ਹਲਕੇ ਤੋਂ ਚੋਣ ਲੜੀ ਅਤੇ ਜਿੱਤਣ ਤੋਂ ਬਾਅਦ ਮੰਤਰੀ ਬਣੇ।
- ਦੋ ਸਾਲਾਂ ਬਾਅਦ ਹੀ ਮਾਰਚ 1999 ਵਿੱਚ ਜਗੀਰ ਕੌਰ ਐੱਸਜੀਪੀਸੀ ਦੇ ਪਹਿਲੇ ਮਹਿਲਾ ਪ੍ਰਧਾਨ ਬਣੇ।
- ਇਸ ਤੋਂ ਬਾਅਦ ਨਵੰਬਰ 1999 ਵਿੱਚ ਹੀ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ।
