ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਪਿਤਾ ਨੰਦ ਕੁਮਾਰ ਬਘੇਲ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ | ਬ੍ਰਾਹਮਣ ਸਮਾਜ ਖ਼ਿਲਾਫ਼ ਵਿਵਾਦਤ ਟਿੱਪਣੀ ਨੂੰ ਲੈ ਕੇ ਰਾਏਪੁਰ ਦੇ ਡੀ ਡੀ ਨਗਰ ਪੁਲਿਸ ਥਾਣੇ ‘ਚ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ | ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਆਪਣੇ ਪਿਤਾ ਦੀ ਇਤਰਾਜ਼ਯੋਗ ਟਿੱਪਣੀ ਨੂੰ ਅਸਵੀਕਾਰ ਕਰਦਿਆਂ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ | ਰਾਏਪੁਰ ਪੁਲਿਸ ਨੇ ਨੰਦ ਕੁਮਾਰ ਬਘੇਲ ਨੂੰ ਦਿੱਲੀ ਤੋਂ ਗਿ੍ਫ਼ਤਾਰ ਕੀਤਾ ਹੈ | ਲਖਨਊ ‘ਚ ਨੰਦ ਕੁਮਾਰ ਬਘੇਲ ਨੇ ਬ੍ਰਾਹਮਣ ਸਮਾਜ ਖ਼ਿਲਾਫ਼ ਵਿਵਾਦਤ ਟਿੱਪਣੀ ਕੀਤੀ ਸੀ | ਇਸ ਤੋਂ ਬਾਅਦ ਇਸ ਸਮਾਜ ਦੇ ਲੋਕਾਂ ‘ਚ ਗੁੱਸਾ ਸੀ | ਦਿੱਲੀ ਤੋਂ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਕੇ ਪੁਲਿਸ ਰਾਏਪੁਰ ਲੈ ਕੇ ਪਹੁੰਚ ਗਈ ਹੈ | ਫਿਲਹਾਲ ਉਨ੍ਹਾਂ ਨੂੰ ਮੀਡੀਆ ਤੋਂ ਦੂਰ ਰੱਖਿਆ ਗਿਆ ਹੈ | ਰਾਏਪੁਰ ਪੁਲਿਸ ਨੇ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ | ਜਿਥੇ ਉਨ੍ਹਾਂ ਨੂੰ 15 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ |

