ਈ.ਡੀ. ਨੇ ਚੀਨੀ ਮੋਬਾਈਲ ਨਿਰਮਾਤਾ ਕੰਪਨੀ ਸ਼ਾਓਮੀ ਟੈਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਡ ਦੇ 5551 ਕਰੋੜ ਰੁਪਏ ਤੋਂ ਜ਼ਿਆਦਾ ਦੇ ਫੰਡ ਨੂੰ ‘ਭਾਰਤੀ ਵਿਦੇਸ਼ੀ ਮੁਦਰਾ ਕਾਨੂੰਨ’ (ਫੇਮਾ) ਦੀ ਉਲੰਘਣਾ ਦੇ ਦੋਸ਼ ‘ਚ ਜ਼ਬਤ ਕੀਤਾ ਹੈ | ਇਹ ਕੰਪਨੀ ਦੇਸ਼ ‘ਚ ਐਮ.ਆਈ. ਬਰਾਂਡ ਨਾਂਅ ਦੇ ਮੋਬਾਈਲ ਫੋਨ ਤਿਆਰ ਕਰਦੀ ਹੈ ਤੇ ਇਸ ਨੂੰ ਸ਼ਾਓਮੀ ਇੰਡੀਆ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ | ਈ.ਡੀ. ਨੇ ਕਿਹਾ ਕਿ ਸ਼ਾਓਮੀ ਇੰਡੀਆ ਚੀਨ ਦੇ ਸ਼ਾਓਮੀ ਸਮੂਹ ਦੀ ਪੂਰੀ ਮਾਲਕੀ ਵਾਲੀ ਸਹਾਇਕ ਕੰਪਨੀ ਹੈ | ਕੰਪਨੀ ਦੇ ਬੈਂਕ ਖਾਤਿਆਂ ‘ਚ ਮੌਜੂਦ 5551.27 ਕਰੋੜ ਰੁਪਏ ਦੀ ਰਾਸ਼ੀ ਨੂੰ ਜ਼ਬਤ ਕੀਤਾ ਗਿਆ ਹੈ | ਈ.ਡੀ. ਦੇ ਬਿਆਨ ਮੁਤਾਬਿਕ ਫਰਵਰੀ ‘ਚ ਚੀਨੀ ਕੰਪਨੀ ਵਲੋਂ ਵਿਦੇਸ਼ ਭੇਜੀ ਗਈ ਕਥਿਤ ਗੈਰਕਾਨੂੰਨੀ ਰਕਮ ਦੇ ਸੰਬੰਧ ‘ਚ ਕੰਪਨੀ ਖਿਲਾਫ ਕੇਂਦਰੀ ਏਜੰਸੀ ਨੇ ਜਾਂਚ ਸ਼ੁਰੂ ਕੀਤੀ ਸੀ | ਮੁੱਢਲੀ ਪੜਤਾਲ ਉਪਰੰਤ ਫੇਮਾ ਨਾਲ ਸੰਬੰਧਤ ਧਾਰਾਵਾਂ ਤਹਿਤ ਕੰਪਨੀ ਦਾ ਪੈਸਾ ਜ਼ਬਤ ਕੀਤਾ ਗਿਆ ਹੈ | ਈ.ਡੀ. ਮੁਤਾਬਿਕ ਕੰਪਨੀ ਨੇ ਰਾਇਲਟੀ ਦੀ ਆੜ ਹੇਠ 5551.27 ਕਰੋੜ ਰੁਪਏ ਦੇ ਬਰਾਬਰ ਵਿਦੇਸ਼ੀ ਮੁਦਰਾ ਤਿੰਨ ਵਿਦੇਸ਼ੀ ਸੰਸਥਾਵਾਂ ਨੂੰ ਭੇਜੀ | ਇਨ੍ਹਾਂ ਸੰਸਥਾਵਾਂ ‘ਚ ਸ਼ਾਓਮੀ ਸਮੂਹ ਦੀ ਇਕਾਈ ਵੀ ਸ਼ਾਮਿਲ ਹੈ |
