ਪੱਛਮੀ ਏਸ਼ੀਆ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੀ ਇਰਾਨ ਵਿਰੁੱਧ ਵਧਦੀ ਜੰਗ ਦਰਮਿਆਨ ਪ੍ਰਸਿੱਧ ਅਮਰੀਕੀ ਅਰਥ ਸ਼ਾਸਤਰੀ ਪ੍ਰੋਫੈਸਰ ਜੈਫਰੀ ਸਾਕਸ ਨੇ ਕਿਹਾ ਹੈ ਕਿ ਇਸ ਸਮੇਂ ਦੁਨੀਆ ਵਿੱਚ ਸਿਰਫ਼ ਤਿੰਨ ਆਗੂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਹੀ ਅਜਿਹਾ ਪ੍ਰਭਾਵ ਰੱਖਦੇ ਹਨ ਜੋ ਇਸ ਸੰਭਾਵੀ ਆਲਮੀ ਤਬਾਹੀ ਨੂੰ ਰੋਕ ਸਕਦੇ ਹਨ।
‘ਨਿਊਆਰਡਰ ਟੀਵੀ’ (NewOrder TV) ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਰਥ ਸ਼ਾਸਤਰੀ ਜੈਫਰੀ ਸਾਕਸ ਨੇ ਕਿਹਾ ਕਿ ਵਧਦੀ ਦੁਸ਼ਮਣੀ ਦੇ ਇਸ ਸੰਕਟ ਨੂੰ ਹੁਣ ਸਿਆਣੇ ਲੋਕਾਂ ਵੱਲੋਂ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਮੋਦੀ, ਜਿਨਪਿੰਗ ਅਤੇ ਪੁਤਿਨ ਨੂੰ ਅਜਿਹੇ ਸਮਰੱਥ ਆਗੂਆਂ ਵਜੋਂ ਦੇਖਿਆ ਜੋ ਮਿਲ ਕੇ ਅਮਰੀਕਾ ਦੀਆਂ ਕਾਰਵਾਈਆਂ ਨੂੰ ਰੁਕਵਾ ਸਕਦੇ ਹਨ।
ਸਾਕਸ ਨੇ ਸੁਝਾਅ ਦਿੱਤਾ ਹੈ ਕਿ ਭਾਰਤ ਨੂੰ ਇੱਕ ਮਜ਼ਬੂਤ ਕੂਟਨੀਤਕ ਰੁਖ਼ ਅਪਣਾਉਣਾ ਚਾਹੀਦਾ ਹੈ ਅਤੇ ਇਰਾਨ ਵਰਗੇ ਦੇਸ਼ਾਂ ਨਾਲ ਆਪਣੇ ਪੁਰਾਣੇ ਸਬੰਧਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਸੰਘਰਸ਼ ਨੂੰ ‘ਮਨਮਰਜ਼ੀ ਦੀ ਜੰਗ’ ਕਰਾਰ ਦਿੰਦਿਆਂ ਕਿਹਾ ਕਿ ਇਹ ਜੰਗ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਹੈ, ਜੋ ਨਾ ਸਿਰਫ਼ ਇਨਸਾਨੀਅਤ ਲਈ ਖ਼ਤਰਾ ਹੈ, ਸਗੋਂ ਪੂਰੀ ਦੁਨੀਆ ਵਿੱਚ ਇੱਕ ਵੱਡੀ ਆਰਥਿਕ ਤਬਾਹੀ ਵੀ ਲਿਆ ਸਕਦੀ ਹੈ।
