17 ਅਕਤੂਬਰ (ਪੀ.ਟੀ.ਆਈ.)-ਕੇਰਲ ‘ਚ ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ‘ਚ 22 ਲੋਕਾਂ ਦੀ ਮੌਤ ਹੋ ਗਈ | ਕੇਰਲ ਦੇ 2 ਕੇਂਦਰੀ ਜ਼ਿਲਿ੍ਹਆਂ ਦੇ ਪਹਾੜੀ ਇਲਾਕਿਆਂ ‘ਚ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਦੀ ਖ਼ਬਰ ਹੈ | ਸੂਬੇ ਦੇ ਮਾਲ ਮੰਤਰੀ ਕੇ. ਰਾਜਨ ਨੇ ਕਿਹਾ ਕਿ ਇਡੁੱਕੀ ਤੇ ਕੋਟਾਯਮ ਜ਼ਿਲਿ੍ਹਆਂ ‘ਚ ਮਲਬੇ ‘ਚੋਂ ਹੁਣ ਤੱਕ 18 ਲਾਸ਼ਾਂ ਨੂੰ ਬਰਾਮਦ ਕੀਤਾ ਜਾ ਚੁੱਕਾ ਹੈ, ਮਰਨ ਵਾਲਿਆਂ ‘ਚ ਤਿੰਨ ਬੱਚੇ ਵੀ ਸ਼ਾਮਿਲ ਹਨ | ਇਡੁੱਕੀ ਦੀ ਜ਼ਿਲ੍ਹਾ ਕਲੈਕਟਰ ਸ਼ੀਬਾ ਜੌਰਜ ਨੇ ਦੱਸਿਆ ਕਿ ਲਾਪਤਾ 5 ਲੋਕਾਂ ਦੀ ਭਾਲ ਜਾਰੀ ਹੈ | ਪਥਾਨਾਮਥਿੱਟਾ ਜ਼ਿਲ੍ਹੇ ‘ਚ ਐਨ.ਡੀ.ਆਰ.ਐਫ. ਟੀਮਾਂ ਨੇ ਹੜ੍ਹ ‘ਚ ਫਸੇ 80 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ | ਥਲ, ਜਲ ਤੇ ਹਵਾਈ ਤਿੰਨੋ ਸੈਨਾਵਾਂ ਰਾਹਤ ਤੇ ਬਚਾਅ ਕਾਰਜਾਂ ‘ਚ ਲੱਗੀਆਂ ਹਨ | ਦੱਖਣੀ ਜਲ ਸੈਨਾ ਕਮਾਂਡ ਦਫ਼ਤਰ ਨੂੰ ਸਥਾਨਕ ਪ੍ਰਸ਼ਾਸਨ ਦੇ ਨਾਲ ਬਚਾਅ ਕਾਰਜਾਂ ‘ਚ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ | ਭਾਰਤੀ ਹਵਾਈ ਸੈਨਾ ਵਲੋਂ ਹੜ੍ਹ ‘ਚ ਫਸੇ ਲੋਕਾਂ ਨੂੰ ਹੈਲੀਕਾਪਟਰਾਂ ਰਾਹੀਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ | ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ ਐਤਵਾਰ ਨੂੰ ਘੱਟ ਬਾਰਿਸ਼ ਹੋਈ, ਜਿਸ ਨਾਲ ਬਚਾਅ ਕਾਰਜਾਂ ‘ਚ ਤੇਜ਼ੀ ਆਈ ਹੈ | ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਵੇਂ ਮੌਸਮ ਵਿਭਾਗ ਨੇ ਦੱਖਣੀ-ਮੱਧ ਜ਼ਿਲਿ੍ਹਆਂ ਲਈ ਰੈੱਡ ਤੇ ਔਰੈਂਜ ਅਲਰਟ ਨੂੰ ਵਾਪਸ ਲੈ ਲਿਆ ਹੈ ਪਰ ਫਿਰ ਵੀ ਲੋਕ ਵੱਧ ਤੋਂ ਵੱਧ ਸਾਵਧਾਨੀ ਵਰਤਦਿਆਂ ਹੋਇਆਂ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ | ਉਨ੍ਹਾਂ ਦੱਸਿਆ ਕਿ ਸੂਬੇ ਭਰ ‘ਚ 105 ਰਾਹਤ ਕੈਂਪ ਖੋਲ੍ਹੇ ਗਏ ਹਨ ਅਤੇ ਲੋੜ ਪੈਣ ‘ਤੇ ਹੋਰ ਕੈਂਪ ਸਥਾਪਤ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ 18 ਅਕਤੂਬਰ ਤੋਂ ਸ਼ੁਰੂ ਹੋਣ ਵਾਲੀਆਂ ਉੱਚ ਸੈਕੰਡਰੀ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ |
