ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਖ਼ਾਲਿਸਤਾਨ ਟਾਈਗਰ ਫੋਰਸ ਦੇ ਮੁਖੀ ‘ਤੇ 10 ਲੱਖ ਰੁਪਏ ਨਕਦ ਇਨਾਮ ਦਾ ਐਲਾਨ ਕੀਤਾ ਹੈ, ਜੋ ਪਿਛਲੇ ਸਾਲ ਜਲੰਧਰ ‘ਚ ਇਕ ਪੁਜਾਰੀ ਦੀ ਹੱਤਿਆ ਦੀ ਸਾਜਿਸ਼ ਨਾਲ ਜੁੜਿਆ ਹੋਇਆ ਹੈ | ਫਿਲੌਰ ਦੇ ਪਿੰਡ ਭਾਰਸਿੰਘਪੁਰਾ ਦੇ ਲੋੜੀਂਦੇ ਖਾੜਕੂ ਹਰਦੀਪ ਸਿੰਘ ਨਿੱਝਰ ‘ਤੇ ਇਹ ਇਨਾਮ ਦਾ ਐਲਾਨ ਐਨ. ਆਈ. ਏ. ਵਲੋਂ ਪੁਜਾਰੀ ‘ਤੇ ਹਮਲੇ ਦੇ ਸੰਬੰਧ ‘ਚ ਨਿੱਝਰ ਅਤੇ 3 ਹੋਰਾਂ ਖਿਲਾਫ਼ ਦੋਸ਼ ਪੱਤਰ ਦਾਇਰ ਕਰਨ ਦੇ ਕਰੀਬ 3 ਹਫ਼ਤਿਆਂ ਬਾਅਦ ਕੀਤਾ ਗਿਆ ਹੈ | ਸੰਘੀ ਏਜੰਸੀ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਜਲੰਧਰ ‘ਚ ਇਕ ਪੁਜਾਰੀ ਦੀ ਹੱਤਿਆ ਲਈ ਕੇ. ਟੀ. ਐਫ਼. ਵਲੋਂ ਰਚੀ ਗਈ ਸਾਜਿਸ਼ ਦੇ ਮਾਮਲੇ ‘ਚ ਐਨ. ਆਈ. ਏ. ਨੂੰ ਨਿੱਝਰ ਲੋੜੀਂਦਾ ਹੈ | ਨਿੱਝਰ ਇਸ ਸਮੇਂ ਕੈਨੇਡਾ ‘ਚ ਰਹਿ ਰਿਹਾ ਹੈ ਅਤੇ ਖ਼ਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਹੈ | ਬਿਆਨ ‘ਚ ਕਿਹਾ ਗਿਆ ਹੈ ਕਿ ਨਿੱਝਰ ਭਾਰਤ ਵਿਚ ਸਿੱਖਸ ਫਾਰ ਜਸਟਿਸ ਦੇ ਵੱਖਵਾਦੀ ਅਤੇ ਹਿੰਸਕ ਏਜੰਡੇ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ | ਐਨ. ਆਈ. ਏ. ਨੇ ਕਿਹਾ ਕਿ ਐਨ. ਆਈ. ਏ. ਨੇ ਨਿੱਝਰ ਦੇ ਖ਼ਿਲਾਫ਼ 10 ਲੱਖ ਰੁਪਏ ਨਕਦ ਇਨਾਮ ਦੀ ਐਲਾਨ ਕੀਤਾ ਹੈ | ਅੱਗੇ ਕਿਹਾ ਗਿਆ ਹੈ ਕਿ ਫਰਾਰ ਮੁਲਜ਼ਮ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ, ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ | ਏਜੰਸੀ ਨੇ ਨਿੱਝਰ ਬਾਰੇ ਜਾਣਕਾਰੀ ਦੇਣ ਲਈ ਲੋਕਾਂ ਲਈ ਈ ਮੇਲ ਐਡਰੈਸ ਦੇ ਨਾਲ-ਨਾਲ ਆਪਣੇ ਦਿੱਲੀ ਹੈਡਕੁਆਟਰ ਤੇ ਚੰਡੀਗੜ੍ਹ ਸ਼ਾਖਾ ਦਫ਼ਤਰ ਦੇ ਟੈਲੀਫ਼ੋਨ, ਵਟਸਐਪ ਅਤੇ ਟੈਲੀਗ੍ਰਾਮ ਨੰਬਰ ਜਾਰੀ ਕੀਤੇ ਹਨ | ਐਨ. ਆਈ. ਏ. ਨੇ ਪਿਛਲੇ ਸਾਲ 31 ਜਨਵਰੀ ਨੂੰ ਜਲੰਧਰ ਦੇ ਫਿਲੌਰ ‘ਚ ਪੈਂਦੇ ਪਿੰਡ ਭਾਰਸਿੰਘਪੁਰਾ ‘ਚ ਕੇ. ਟੀ. ਐਫ. ਵਲੋਂ ਪੁਜਾਰੀ ਕਮਲਦੀਪ ਸ਼ਰਮਾ ਦੀ ਹੱਤਿਆ ਦੀ ਸਾਜਿਸ਼ ਦੇ ਸਿਲਸਿਲੇ ‘ਚ 5 ਜੁਲਾਈ ਨੂੰ ਨਿੱਝਰ ਸਮੇਤ 4 ਲੋਕਾਂ ਖਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਸੀ | ਐਨ. ਆਈ. ਏ. ਨੇ 8 ਅਕਤੂਬਰ 2021 ਨੂੰ ਇਹ ਕੇਸ ਆਪਣੇ ਹੱਥ ‘ਚ ਲੈ ਲਿਆ ਸੀ | ਇਸ ਕੇਸ ਦੇ 3 ਹੋਰ ਮੁਲਜ਼ਮਾਂ ‘ਚ ਕਮਲਜੀਤ ਸ਼ਰਮਾ ਅਤੇ ਰਾਮ ਸਿੰਘ ਉਰਫ਼ ਸੋਨਾ, ਜਿਨ੍ਹਾਂ ਨੇ ਨਿੱਝਰ ਦੇ ਨਿਰਦੇਸ਼ਾਂ ‘ਤੇ ਪੁਜਾਰੀ ‘ਤੇ ਹਮਲਾ ਕੀਤਾ ਸੀ ਅਤੇ ਇਸ ਦਾ ਸਾਥੀ ਅਰਸ਼ਦੀਪ ਸਿੰਘ ਉਰਫ਼ ਪ੍ਰਭ ਸ਼ਾਮਿਲ ਹਨ |
