ਇਸਲਾਮਾਬਾਦ ਵਿੱਚ ਅਮਰੀਕਾ ਅਤੇ ਇਰਾਨ ਵਿਚਾਲੇ ਹੋਈ ਉੱਚ-ਪੱਧਰੀ ਗੱਲਬਾਤ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ ਹੈ। ਅਮਰੀਕੀ ਉਪ-ਰਾਸ਼ਟਰਪਤੀ JD Vance 24 ਘੰਟਿਆਂ ਦੀ ਡੂੰਘੀ ਚਰਚਾ ਤੋਂ ਬਾਅਦ ਵਾਸ਼ਿੰਗਟਨ ਲਈ ਰਵਾਨਾ ਹੋ ਗਏ ਹਨ। Vance ਨੇ ਸਪੱਸ਼ਟ ਕੀਤਾ ਕਿ ਹਾਲਾਂਕਿ ਗੱਲਬਾਤ ਸਾਰਥਕ ਰਹੀ, ਪਰ ਇਰਾਨ ਨੇ ਅਮਰੀਕਾ ਦੀਆਂ ਮੁੱਖ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕਾ ਦੀ ਮੁੱਖ ਮੰਗ ਹੈ ਕਿ ਇਰਾਨ ਲੰਬੇ ਸਮੇਂ ਲਈ ਪਰਮਾਣੂ ਹਥਿਆਰ ਨਾ ਬਣਾਉਣ ਦੀ ਪੱਕੀ ਵਚਨਬੱਧਤਾ ਦੁਹਰਾਏ, ਪਰ ਇਰਾਨੀ ਲੀਡਰਸ਼ਿਪ ਨੇ ਇਨ੍ਹਾਂ ਸ਼ਰਤਾਂ ਨੂੰ ‘ਬੇਲੋੜੀਆਂ ਮੰਗਾਂ’ ਦੱਸਦਿਆਂ ਸਿਰੇ ਤੋਂ ਨਕਾਰ ਦਿੱਤਾ।
Vance ਨੇ ਚਿਤਾਵਨੀ ਦਿੱਤੀ ਕਿ ਸਮਝੌਤਾ ਨਾ ਹੋਣਾ ਅਮਰੀਕਾ ਨਾਲੋਂ ਜ਼ਿਆਦਾ ਇਰਾਨ ਲਈ ਨੁਕਸਾਨਦੇਹ ਸਾਬਤ ਹੋਵੇਗਾ।ਦੂਜੇ ਪਾਸੇ, ਇਰਾਨ ਨੇ ਵੀ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਕੌਮੀ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰਨਗੇ।
ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਕਈ ਨੇ ਕਿਹਾ ਕਿ ਉਨ੍ਹਾਂ ਦੇ ਵਫ਼ਦ ਨੇ ਪਾਬੰਦੀਆਂ ਹਟਾਉਣ ਅਤੇ ਖੇਤਰੀ ਸੁਰੱਖਿਆ ਵਰਗੇ ਅਹਿਮ ਮੁੱਦਿਆਂ ’ਤੇ ਜ਼ੋਰ ਦਿੱਤਾ, ਪਰ ਗੱਲਬਾਤ ਦੀ ਸਫਲਤਾ ਅਮਰੀਕਾ ਦੀ ‘ਨੇਕ ਨੀਅਤ’ ’ਤੇ ਨਿਰਭਰ ਕਰਦੀ ਹੈ। ਪਾਕਿਸਤਾਨ ਵੱਲੋਂ ਕੀਤੀ ਗਈ ਵਿਚੋਲਗੀ ਦੇ ਬਾਵਜੂਦ, ਦੋਵਾਂ ਦੇਸ਼ਾਂ ਵਿਚਾਲੇ ਕਿਸੇ ਵੀ ਸੰਭਾਵੀ ਸਮਝੌਤੇ ਦੀ ਉਮੀਦ ਨਹੀਂ ਦਿਖੀ। ਫਿਲਹਾਲ ਅਮਰੀਕਾ ਨੇ ਆਪਣੀ ‘ਆਖਰੀ ਅਤੇ ਸਭ ਤੋਂ ਵਧੀਆ ਪੇਸ਼ਕਸ਼’ ਇਰਾਨ ਕੋਲ ਛੱਡ ਦਿੱਤੀ ਹੈ, ਜਿਸ ’ਤੇ ਹੁਣ ਤਹਿਰਾਨ ਦੇ ਅਗਲੇ ਕਦਮ ਦੀ ਉਡੀਕ ਹੈ।
ਅਮਰੀਕਾ ਨਾਲ ਹੋਈ ਉੱਚ-ਪੱਧਰੀ ਵਾਰਤਾ ਵਿੱਚ ਕੋਈ ਵੱਡੀ ਸਫਲਤਾ ਨਾ ਮਿਲਣ ਤੋਂ ਬਾਅਦ, ਇਰਾਨ ਨੇ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਇਹ ਗੱਲਬਾਤ ਬੇਹੱਦ ‘ਸ਼ੱਕ ਅਤੇ ਬੇਭਰੋਸਗੀ’ ਵਾਲੇ ਮਾਹੌਲ ਵਿੱਚ ਹੋਈ ਸੀ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘੇਈ ਨੇ ਕਿਹਾ ਕਿ 40 ਦਿਨਾਂ ਦੀ ਜੰਗ ਤੋਂ ਬਾਅਦ ਅਜਿਹੀਆਂ ਸਥਿਤੀਆਂ ਵਿੱਚ ਇਹ ਉਮੀਦ ਕਰਨਾ ਗਲਤ ਸੀ ਕਿ ਸਿਰਫ਼ ਇੱਕ ਗੇੜ ਦੀ ਗੱਲਬਾਤ ਨਾਲ ਕੋਈ ਵਿਆਪਕ ਸਮਝੌਤਾ ਹੋ ਜਾਵੇਗਾ। ਬਘੇਈ ਅਨੁਸਾਰ, ਲਗਭਗ 25 ਘੰਟਿਆਂ ਤੱਕ ਚੱਲੀ ਇਸ ਲੰਬੀ ਚਰਚਾ ਦੌਰਾਨ ਕਈ ਮੁੱਦਿਆਂ ’ਤੇ ਸਹਿਮਤੀ ਤਾਂ ਬਣੀ, ਪਰ 2 ਤੋਂ 3 ਮੁੱਖ ਮੁੱਦਿਆਂ ’ਤੇ ਡੂੰਘੇ ਮਤਭੇਦ ਅਜੇ ਵੀ ਬਰਕਰਾਰ ਹਨ। ਉਨ੍ਹਾਂ ਨੇ ਇਸ ਗੱਲਬਾਤ ਨੂੰ ਪਿਛਲੇ ਇੱਕ ਸਾਲ ਦੀ ਸਭ ਤੋਂ ਲੰਬੀ ਡਿਪਲੋਮੈਟਿਕ ਕੋਸ਼ਿਸ਼ ਦੱਸਿਆ। ਇਰਾਨ ਦਾ ਮੰਨਣਾ ਹੈ ਕਿ ਇਹ ਨਤੀਜਾ ਕੋਈ ‘ਫੇਲ੍ਹ’ ਹੋਣਾ ਨਹੀਂ ਹੈ, ਸਗੋਂ ਇਹ ਇੱਕ ਲੰਬੀ ਪ੍ਰਕਿਰਿਆ ਦਾ ਹਿੱਸਾ ਹੈ। ਹਾਲਾਂਕਿ ਕਿਸੇ ਅੰਤਿਮ ਫੈਸਲੇ ’ਤੇ ਨਹੀਂ ਪਹੁੰਚਿਆ ਜਾ ਸਕਿਆ, ਪਰ ਕੁਝ ਮੁੱਦਿਆਂ ’ਤੇ ਬਣੀ ਸੀਮਤ ਸਹਿਮਤੀ ਇਹ ਸੰਕੇਤ ਦਿੰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਗੱਲਬਾਤ ਦੇ ਹੋਰ ਦੌਰ ਚੱਲ ਸਕਦੇ ਹਨ
ਅਮਰੀਕਾ ਅਤੇ ਇਰਾਨ ਵਿਚਾਲੇ ਇਸਲਾਮਾਬਾਦ ਵਿੱਚ ਹੋਈ ਉੱਚ-ਪੱਧਰੀ ਵਾਰਤਾ ਬਿਨਾਂ ਕਿਸੇ ਸਮਝੌਤੇ ਦੇ ਖ਼ਤਮ ਹੋਣ ਤੋਂ ਬਾਅਦ, ਪਾਕਿਸਤਾਨ ਨੇ ਦੋਵਾਂ ਦੇਸ਼ਾਂ ਨੂੰ ਜੰਗਬੰਦੀ ਦੇ ਆਪਣੇ ਵਾਅਦੇ ’ਤੇ ਕਾਇਮ ਰਹਿਣ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਾਲਾਂਕਿ ਕੋਈ ਰਸਮੀ ਸਮਝੌਤਾ ਨਹੀਂ ਹੋ ਸਕਿਆ, ਪਰ ਉਹ ਉਮੀਦ ਕਰਦੇ ਹਨ ਕਿ ਇਸ ਗੱਲਬਾਤ ਨੇ ਭਵਿੱਖ ਵਿੱਚ ਸੰਵਾਦ ਜਾਰੀ ਰੱਖਣ ਲਈ ਇੱਕ ਰਾਹ ਪੱਧਰਾ ਕੀਤਾ ਹੈ। ਡਾਰ ਨੇ ਦੱਸਿਆ ਕਿ ਅਮਰੀਕੀ ਉਪ-ਰਾਸ਼ਟਰਪਤੀ JD Vance ਅਤੇ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰ ਗਾਲੀਬਾਫ ਦੀ ਅਗਵਾਈ ਹੇਠ 24 ਘੰਟਿਆਂ ਤੋਂ ਵੱਧ ਸਮੇਂ ਤੱਕ ‘ਗੰਭੀਰ ਅਤੇ ਉਸਾਰੂ’ ਚਰਚਾ ਹੋਈ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਵੀ ਇਨ੍ਹਾਂ ਗੱਲਬਾਤਾਂ ਨੂੰ ਨੇਪਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਨਿਭਾਈ। ਡਾਰ ਨੇ ਜ਼ੋਰ ਦੇ ਕੇ ਕਿਹਾ ਕਿ ਖੇਤਰੀ ਸਥਿਰਤਾ ਲਈ ਇਹ ਬਹੁਤ ਜ਼ਰੂਰੀ ਹੈ ਕਿ ਦੋਵੇਂ ਪੱਖ ਸੰਜਮ ਤੋਂ ਕੰਮ ਲੈਣ ਅਤੇ ਜੰਗਬੰਦੀ ਨੂੰ ਟੁੱਟਣ ਨਾ ਦੇਣ। ਉਨ੍ਹਾਂ ਮੁਤਾਬਕ ਪਾਕਿਸਤਾਨ ਅੱਗੇ ਵੀ ਦੋਵਾਂ ਧਿਰਾਂ ਵਿਚਾਲੇ ਸਥਾਈ ਸ਼ਾਂਤੀ ਸਥਾਪਤ ਕਰਨ ਲਈ ਕੋਸ਼ਿਸ਼ਾਂ ਜਾਰੀ ਰੱਖੇਗਾ