ਆਮ ਆਦਮੀ ਪਾਰਟੀ (ਆਪ) ਦੇ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪਾਰਟੀ ਦੇ ਮੌਜੂਦਾ ਹਾਲਾਤ ’ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ‘ਆਪ’ ਨੂੰ ਆਪਣੀ ਰਣਨੀਤੀ ਬਦਲਣ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਇੱਕ ਅਜਿਹੀ ਲੋਕਤੰਤਰੀ ਜਥੇਬੰਦੀ ਵਜੋਂ ਕੰਮ ਕਰਨਾ ਚਾਹੀਦਾ ਹੈ ਜਿੱਥੇ ਹਰ ਕਿਸੇ ਦੀ ਗੱਲ ਸੁਣੀ ਜਾਵੇ, ਤਾਂ ਹੀ ਭਵਿੱਖ ਵਿੱਚ ਆਗੂਆਂ ਦੇ ਪਾਰਟੀ ਛੱਡਣ ਦੇ ਸਿਲਸਿਲੇ ਨੂੰ ਰੋਕਿਆ ਜਾ ਸਕਦਾ ਹੈ।
ਅੱਜ ਸਵੇਰੇ ‘ਦਿ ਟ੍ਰਿਬਿਊਨ’ ਨਾਲ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਸ੍ਰੀ ਕੰਗ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਨੂੰ ਆਪਣੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹੋਰ ਆਗੂਆਂ ਨਾਲ ਬਿਹਤਰ ਤਾਲਮੇਲ ਬਣਾਉਣਾ ਚਾਹੀਦਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਸੰਦੀਪ ਪਾਠਕ ਵਰਗਾ ਅਹਿਮ ਆਗੂ ਪਾਰਟੀ ਨੂੰ ਕਦੇ ਨਾ ਛੱਡਦਾ ਜੇਕਰ ਲੀਡਰਸ਼ਿਪ ਉਨ੍ਹਾਂ ਦੇ ਸੰਪਰਕ ਵਿੱਚ ਰਹਿੰਦੀ। ਕੰਗ ਨੇ ਦਾਅਵਾ ਕੀਤਾ ਕਿ ਪਿਛਲੇ ਇੱਕ ਸਾਲ ਤੋਂ ਪਾਰਟੀ ਵਿੱਚ ਕੋਈ ਵੀ ਪਾਠਕ ਨਾਲ ਰਾਬਤੇ ਵਿੱਚ ਨਹੀਂ ਸੀ।
ਰਾਘਵ ਚੱਢਾ ’ਤੇ ਨਿਸ਼ਾਨਾ ਸ੍ਰੀ ਕੰਗ ਨੇ ਰਾਘਵ ਚੱਢਾ ਦਾ ਨਾਮ ਲੈਂਦਿਆਂ ਕਿਹਾ ਕਿ ਚੱਢਾ ਨੂੰ ਬੇਲਗਾਮ ਤਾਕਤ ਮਿਲੀ ਹੋਈ ਸੀ, ਜਿਸਦੀ ਉਨ੍ਹਾਂ ਨੇ ਦੁਰਵਰਤੋਂ ਕੀਤੀ। ਉਨ੍ਹਾਂ ਕਿਹਾ, “ਤਾਕਤ ਕੁਝ ਕੁ ਹੱਥਾਂ ਵਿੱਚ ਕੇਂਦਰਿਤ ਹੋਣ ਦੀ ਬਜਾਏ ਵੰਡੀ ਜਾਣੀ ਚਾਹੀਦੀ ਹੈ।” ਕੰਗ, ਜੋ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਪਾਰਟੀ ਦਾ ਸਭ ਤੋਂ ਪ੍ਰਮੁੱਖ ਚਿਹਰਾ ਮੰਨੇ ਜਾਂਦੇ ਹਨ, ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ‘ਆਪ’ ਇੱਕ ਪਰਿਪੱਕ ਸਿਆਸੀ ਪਾਰਟੀ ਵਾਂਗ ਵਿਵਹਾਰ ਕਰੇ।
