ਅੱਜ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਲਈ ਪਤਨੀ ਕਿਰਨਦੀਪ ਕੌਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚੀ। ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ਵਿਚ ਕਿਰਨਦੀਪ ਕੌਰ ਡਿਬਰੂਗੜ੍ਹ ਜੇਲ੍ਹ ਜਾਂਦੀ ਹੋਈ ਵਿਖਾਈ ਦਿੱਤੀ ਹੈ। ਉਹਨਾਂ ਨਾਲ ਦਲਜੀਤ ਕਲਸੀ ਦੀ ਪਤਨੀ ਨੀਰੂ ਕਲਸੀ ਅਤੇ ਉਨ੍ਹਾਂ ਦਾ ਬੇਟਾ ਸਿਮਰਨਜੀਤ ਸਿੰਘ ਉਰਫ ਸਨੀ ਵੀ ਨਾਲ ਸੀ।

ਇਸ ਮੌਕੇ ਉਨ੍ਹਾਂ ਦੇ ਨਾਲ ਗਏ ਐਡਵੋਕੇਟ ਸਿਮਰਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਨਾਲ ਐਨ.ਐਸ.ਏ ਅਤੇ ਹੋਰ ਕੇਸਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਬਾਕੀ ਐਫ.ਆਈ.ਆਰ ਅੰਮ੍ਰਿਤਪਾਲ ਸਿੰਘ ਖਿਲਾਫ਼ ਹਨ, ਉਹਨਾਂ ਬਾਰੇ ਵੀ ਚਰਚਾ ਕੀਤੀ ਗਈ ਹੈ ਕਿ ਕਿਹੜਾ ਕਿਹੜਾ ਵਕੀਲ ਕਿਸ-ਕਿਸ ਐਫ.ਆਈ.ਆਰ ਦੀ ਪੈਰਵਾਈ ਕਰੇਗਾ। ਦਸ ਦਈਏ ਕਿ 23 ਅਪ੍ਰੈਲ ਨੂੰ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ‘ਤੇ ਪਹਿਲਾਂ ਤੋਂ ਹੀ ਐਨ.ਐਸ.ਏ. ਧਾਰਾ ਲੱਗੀ ਹੋਈ ਸੀ ਜਿਸ ਕਾਰਨ ਗ੍ਰਿਫ਼ਤਾਰੀ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਉਸਦੇ ਬਾਕੀ ਸਾਥੀਆਂ ਕੋਲ ਭੇਜ ਦਿੱਤਾ ਗਿਆ ਸੀ।

ਇਥੇ ਇਹ ਵੀ ਦਸ ਦਈਏ ਕਿ SGPC ਪਹਿਲਾਂ ਹੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਨੌਜਵਾਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ ਕਰ ਚੁੱਕੀ ਹੈ ਅਤੇ ਇਸ ਸਬੰਧੀ ਵਕੀਲਾਂ ਦਾ ਪੈਨਲ ਵੀ ਤਿਆਰ ਕੀਤਾ ਗਿਆ ਹੈ। ਇਸ ਸਬੰਧ ਵਿਚ ਪਹਿਲਾਂ SGPC ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਹੋਰ ਵਕੀਲ ਡਿਬਰੂਗੜ੍ਹ ਜੇਲ੍ਹ ‘ਚ ਬੰਦ ਨੌਜਵਾਨਾਂ ਨਾਲ ਮੁਲਾਕਾਤ ਕਰਕੇ ਆਏ ਸੀ ਅਤੇ ਫਿਰ ਨੌਜਵਾਨਾਂ ਦੀ ਉਹਨਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕਰਵਾਈ ਗਈ ਸੀ। ਜਿਸ ਵਿਚ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਅਤੇ ਇਕ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ।
